ਨਵੀਂ ਦਿੱਲੀ: ਸਾਬਕਾ ਪ੍ਰਧਾਨਮੰਤਰੀ ਡਾ.ਮਨਮੋਹਨ ਸਿੰਘ ਨੂੰ ਦਿੱਤੀ ਗਈ ਸਪੇਸ਼ਲ ਪ੍ਰੋਟੇਕਸ਼ਨ ਗਰੂਪ (ਐਸਪੀਜੀ) ਦੀ ਵਿਸ਼ੇਸ਼ ਸੁਰੱਖਿਆ ਵਾਪਸ ਲੈ ਲਈ ਗਈ ਹੈ। ਗ੍ਰਹਿ ਮੰਤਰਾਲੇ ਨੇ ਹੁਣ ਉਨ੍ਹਾਂ ਨੂੰ ਕੇਂਦਰੀ ਸੁਰੱਖਿਆ ਬਲਾਂ ਦੀ ਸੁਰੱਖਿਆ (ਜ਼ੈੱਡ ਪਲੱਸ ਸੁਰੱਖਿਆ) ਦੇਣ ਦਾ ਫ਼ੈਸਲਾ ਕੀਤਾ ਹੈ।
ਸੂਤਰਾਂ ਮੁਤਾਬਕ ਮਨਮੋਹਨ ਸਿੰਘ ਦੀ ਐਸਪੀਜੀ ਸੁਰੱਖਿਆ ਨੂੰ ਹਟਾਉਣ ਦਾ ਫੈਸਲਾ ਸਮੀਖਿਆ ਵਿੱਚ ਲਿਆ ਗਿਆ। ਇਹ ਸੁਰੱਖਿਆ ਦੇਸ਼ ਦੇ ਵੱਡੇ ਮੰਤਰੀਆਂ ਨੂੰ ਦਿੱਤੀ ਜਾਂਦੀ ਹੈ। ਇਸ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸ਼ਾਮਲ ਹਨ। ਖ਼ਤਰੇ ਦਾ ਖਦਸ਼ਾ ਹੋਣ ਕਾਰਨ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਸੁਰੱਖਿਆ ਕਵਰ ਦਿੱਤਾ ਜਾਂਦਾ ਹੈ। ਹਾਲਾਂਕਿ ਡਾ.ਮਨਮੋਹਨ ਸਿੰਘ ਦੀਆਂ ਕੁੜੀਆਂ ਨੇ ਖੁਦ ਨੂੰ ਇਸ ਸੁਰੱਖਿਆ ਤੋਂ ਅਲਗ ਕਰ ਲਿਆ ਸੀ।
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਵੱਲੋਂ ਕਤਲ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਰੱਖਿਆ ਲਈ 1985 ਵਿੱਚ ਐਸਪੀਜੀ ਐਕਟ (ਸਪੇਸ਼ਲ ਪ੍ਰੋਟੇਕਸ਼ਨ ਗਰੂਪ) ਦੀ ਸਥਾਪਨਾ ਕੀਤੀ ਗਈ ਸੀ। ਇਸ ਦੇ ਨਾਲ 1991 'ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਐਸਪੀਜੀ ਐਕਟ ਵਿੱਚ ਸੋਧ ਕੀਤਾ ਗਿਆ ਸੀ ਅਤੇ ਇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਅਗਲੇ 10 ਸਾਲ ਲਈ ਐਸਪੀਜੀ ਸੁਰੱਖਿਆ ਦੇਣ ਦੀ ਵਿਵਸਥਾ ਕੀਤੀ ਗਈ ਹੈ।