ਨਾਗਪੁਰ: ਮਹਾਰਾਸ਼ਟਰ ਦੇ ਨਾਗਪੁਰ 'ਚ ਸ਼ਨੀਵਾਰ ਨੂੰ ਮਾਨਸ ਐਗਰੋ ਇੰਡਸਟਰੀਜ਼ ਫੈਕਟਰੀ 'ਚ ਇੱਕ ਬਾਇਲਰ 'ਚ ਹੋਏ ਧਮਾਕੇ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਨਾਗਪੁਰ ਦਿਹਾਤੀ ਪੁਲਿਸ ਦੇ ਅਧਿਕਾਰੀ ਮੁਤਾਬਕ, ਬਾਇਲਰ ਦੇ ਫਟਣ ਦੇ ਕਾਰਨ ਫੈਕਟਰੀ 'ਚ ਅੱਗ ਲੱਗ ਗਈ, ਜਿਸ ਦੇ ਕਾਰਨ 5 ਮਜ਼ਦੂਰ ਸੜ ਜਾਣ ਕਾਰਨ ਮਰ ਗਏ।
ਖੰਡ ਫੈਕਟਰੀ ਮਾਨਸ ਸਮੂਹ ਦਾ ਹਿੱਸਾ ਹੈ ਅਤੇ ਇਸ ਤੋਂ ਪਹਿਲਾਂ ਇਹ ਪੂਰਤੀ ਪਾਵਰ ਤੇ ਸ਼ੂਗਰ ਫੈਕਟਰੀ ਵਜੋਂ ਜਾਣੀ ਜਾਂਦੀ ਸੀ। ਇਸ ਦਾ ਮਾਲਕੀ ਹੱਕ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਪਰਿਵਾਰ ਕੋਲ ਸੀ।
ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਧਿਕਾਰੀ ਰਾਕੇਸ਼ ਓਲਾ ਨੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ। ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਮੁੱਢਲੀ ਜਾਂਚ ਦੇ ਦੌਰਾਨ ਪੀੜਤ ਇਸ ਖ਼ਾਸ ਸਾਈਟ ਉੱਤੇ ਵੈਲਡਿੰਗ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਕੋਈ ਗੈਸ ਲੀਕ ਹੋਣ ਨਾਲ ਬਾਇਲਰ 'ਚ ਧਮਾਕਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਸਹੀ ਕਾਰਨਾਂ ਦਾ ਸਬੰਧਤ ਵਿਭਾਗ ਵੱਲੋਂ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਹੁਣ ਅਸੀਂ ਇਸ ਮਾਮਲੇ ਦੀ ਲੋੜੀਂਦਾ ਸ਼ਿਕਾਇਤਾਂ ਦਰਜ ਕਰ ਰਹੇ ਹਾਂ।
ਮ੍ਰਿਤਕਾਂ ਦੀ ਪਛਾਣ ਮੰਗੇਸ਼ ਪ੍ਰਭਾਕਰ ਨਕੇਕਰ (21), ਲੀਲਾਧਰ ਵਾਮਨ ਰਾਓ ਸ਼ਿੰਦੇ (42), ਵਾਸੂਦੇਵ ਲਾਡੀ (30), ਸਚਿਨ ਪ੍ਰਕਾਸ਼ ਵਾਘਮਰੇ (24) ਅਤੇ ਪ੍ਰਫੁੱਲ ਪਾਂਡੂਰੰਗ ਮੂਨ (25) ਵਜੋਂ ਹੋਈ ਹੈ। ਇਹ ਸਾਰੇ ਮ੍ਰਿਤਕ ਬਡਗਾਓਂ ਦੇ ਵਸਨੀਕ ਸਨ। ਲਾਸ਼ਾਂ ਬਰਾਮਦ ਹੋਣ ਤੋਂ ਪਹਿਲਾਂ ਪੁਲਿਸ ਨੂੰ ਗੁੱਸੇ ਵਿੱਚ ਇੱਕਠੀ ਹੋਈ ਭੀੜ ਨੂੰ ਸ਼ਾਂਤ ਕਰਨਾ ਪਿਆ ਅਤੇ ਉਸ ਤੋਂ ਬਾਅਦ ਹੀ ਮ੍ਰਿਤਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਬਾਹਰ ਕੱਢਿਆ ਜਾ ਸਕਿਆ। ਸਾਰੇ ਮਜ਼ਦੂਰ ਧਮਾਕੇ ਦੇ ਸਮੇਂ ਕੁੱਝ ਰੱਖ-ਰਖਾਅ ਦੇ ਕੰਮ ਵਿੱਚ ਲੱਗੇ ਹੋਏ ਸਨ। ਹਾਦਸੇ ਦੇ ਸਮੇਂ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ।
ਇਸ ਘਟਨਾ ਉੱਤੇ ਸੋਗ ਪ੍ਰਗਟਾਉਂਦੇ ਹੋਏ ਸ਼ਿਵਸੈਨਾ ਦੇ ਨੇਤਾ ਕਿਸ਼ੋਰ ਤਿਵਾਰੀ ਨੇ ਘਟਨਾ ਦੀ ਅਹਿਮ ਤੇ ਸਮੇਂ ਸਿਰ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਤਿਵਾਰੀ ਨੇ ਆਖਿਆ ਕਿ ਮਾਰੇ ਗਏ ਸਾਰੇ ਮਜ਼ਦੂਰ ਦਲਿਤ ਹਨ ਅਤੇ ਫੈਕਟਰੀ ਪ੍ਰਬੰਧਕਾਂ ਦਾ ਇਹ ਫਰਜ਼ ਹੈ ਕਿ ਉਹ ਪੀੜਤਾਂ ਦੇ ਪਰਿਵਾਰ ਨੂੰ ਇੱਕ-ਇੱਕ ਕਰੋੜ ਰੁਪਏ ਮੁਆਵਜ਼ਾ ਦੇਣ।
ਇਸ ਹਾਦਸੇ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਹਾਦਸੇ ਕਾਰਨ ਇੱਕ ਦੋ-ਪਹੀਆ ਵਾਹਨ ਨੂੰ ਨੁਕਸਾਨ ਹੋਇਆ ਹੈ।