ਨਵੀਂ ਦਿੱਲੀ: ਲੱਦਾਖ ਵਿੱਚ ਭਾਰਤ ਚੀਨ ਵਿਚਾਲੇ ਮੌਜੂਦਾ ਤਣਾਅ ਨੂੰ ਘੱਟ ਕਰਨ ਲਈ ਐਤਵਾਰ ਨੂੰ ਭਾਰਤ ਅਤੇ ਚੀਨ ਵਿਚਾਲੇ ਗੱਲਬਾਤ ਦਾ ਪੰਜਵਾਂ ਗੇੜ ਖ਼ਤਮ ਹੋ ਗਿਆ ਹੈ। ਸੂਤਰਾਂ ਅਨੁਸਾਰ ਭਾਰਤ ਅਤੇ ਚੀਨ ਦੇ ਲੈਫਟੀਨੈਂਟ ਜਨਰਲ ਪੱਧਰ ਦੇ ਅਧਿਕਾਰੀਆਂ ਵਿਚਕਾਰ ਚੀਨ ਵੱਲੋਂ ਮੋਲਡੋ ਵਿੱਚ ਪੰਜਵੇ ਗੇੜ ਦੀ ਗੱਲਬਾਤ ਰਾਤ 9 ਵਜੇ ਖਤਮ ਹੋਈ। ਇਹ ਬੈਠਕ ਸਵੇਰੇ 11 ਵਜੇ ਸ਼ੁਰੂ ਹੋਈ ਸੀ। ਲਗਭਗ 10 ਘੰਟੇ ਚੱਲੀ ਇਸ ਬੈਠਕ ਦੀ ਪੂਰੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।
ਮੁਢਲੀ ਜਾਣਕਾਰੀ ਮੁਤਾਬਕ ਕਮਾਂਡਰਾਂ ਦੀ ਬੈਠਕ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਐਲਏਸੀ ‘ਤੇ ਤਣਾਅ ਨੂੰ ਘੱਟ ਕਰਨ ਲਈ ਵਿਚਾਰ ਵਟਾਂਦਰੇ ਹੋਏ। ਇਸ ਮੁਲਾਕਾਤ ਵਿੱਚ ਪੈਨਗੋਂਗ ਤਸੋ ਫਿੰਗਰ ਖੇਤਰ ਬਾਰੇ ਗੱਲਬਾਤ ਹੋਈ ਹੈ। ਪਿਛਲੇ ਕੁਝ ਸਮੇਂ ਤੋਂ ਇਸ ਖੇਤਰ 'ਚ ਚੀਨੀ ਫੌਜ ਵੱਲੋਂ ਭਾਰਤੀ ਫੌਜ ਦੀ ਗਸ਼ਤ ਨੂੰ ਰੋਕ ਦਿੱਤਾ ਗਿਆ ਹੈ, ਇਸ ਲਈ ਇਹ ਖੇਤਰ ਵਿਵਾਦਾਂ ਵਿੱਚ ਹੈ।
ਹੁਣ ਤੱਕ ਹੋਈ ਗੱਲਬਾਤ ਅਨੁਸਾਰ ਦੋਵੇਂ ਦੇਸ਼ ਵਿਵਾਦਪੂਰਨ ਥਾਵਾਂ ਤੋਂ ਆਪਣੀ ਫੌਜ ਦੀ ਤਾਇਨਾਤੀ ਘਟਾ ਰਹੇ ਹਨ ਅਤੇ ਵਾਪਸ ਪਰਤ ਰਹੇ ਹਨ। ਹਾਲਾਂਕਿ ਭਾਰਤ ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ ਪੂਰੀ ਨਹੀਂ ਹੋਈ ਹੈ, ਜਦੋਂਕਿ ਚੀਨ ਨੇ ਪਿਛਲੇ ਹਫਤੇ ਡਿਸਇਗੇਜਮੇਂਟ ਪ੍ਰਕਿਰਿਆ ਪੂਰੀ ਹੋਣ ਦਾ ਦਾਅਵਾ ਕੀਤਾ ਸੀ।
29 ਜੁਲਾਈ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਗਲਵਾਨ ਘਾਟੀ, ਹੌਟ ਸਪ੍ਰਿੰਗਜ਼ ਅਤੇ ਕੋਂਕਾ ਪਾਸ 'ਤੇ ਡਿਸਇੰਗੇਜਮੇਂਟ ਪ੍ਰਕਿਰਿਆ ਪੂਰੀ ਕਰ ਲਈ ਹੈ ਪਰ ਸਿਰਫ ਪੰਗਾਂਗ ਝੀਲ ਤੋਂ ਪਿੱਛੇ ਹਟਨਾ ਬਾਕੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੂਰੀ ਤਰ੍ਹਾਂ ਵਾਪਸ ਲੈਣ ਦੀ ਸਹਿਮਤੀ ‘ਤੇ ਕੁਝ ਕੰਮ ਕੀਤਾ ਗਿਆ ਹੈ ਪਰ ਇਹ ਪ੍ਰਕਿਰਿਆ ਪੂਰੀ ਨਹੀਂ ਹੋਈ ਹੈ।