ਅੰਬਾਲਾ: ਮੰਗਲਵਾਰ ਨੂੰ ਸੂਬੇ ਦੇ ਮੁਖੀ ਮਨੋਹਰ ਲਾਲ ਖੱਟਰ ਅੰਬਾਲਾ ਨਗਰ ਨਿਗਮ ਚੋਣਾਂ ਲਈ ਪੁੱਜੇ। ਇਥੇ ਉਨ੍ਹਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਮੁੱਖ ਮੰਤਰੀ ਦੇ ਕਾਫ਼ਲੇ ਦੀਆਂ ਗੱਡੀਆਂ ਨੂੰ ਰੋਕਿਆ ਅਤੇ ਕਾਲੇ ਝੰਡੇ ਵਿਖਾਏ। ਇਸ ਦੌਰਾਨ ਕਈ ਕਿਸਾਨਾਂ ਅਤੇ ਪੁਲਿਸ ਵਿਚਕਾਰ ਜ਼ਬਰਦਸਤ ਹੱਥੋਪਾਈ ਹੋਈ।
ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਮੁੱਖ ਮੰਤਰੀ ਦੇ ਕਾਫ਼ਲੇ ਦਾ ਘਿਰਾਉ ਕਰਨ ਪੁੱਜੇ ਸਨ। ਮੌਕੇ 'ਤੇ ਭਾਰੀ ਪੁਲਿਸ ਬਲ ਦੀ ਤੈਨਾਤ ਕੀਤੀ ਗਈ ਸੀ, ਪਰ ਫਿਰ ਵੀ ਕਿਸਾਨ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਰੋਕਣ ਵਿੱਚ ਕਾਮਯਾਬ ਰਹੇ। ਮੁੱਖ ਮੰਤਰੀ ਦੇ ਕਾਫ਼ਲੇ ਦੀਆਂ ਕਈ ਗੱਡੀਆਂ ਕਾਫੀ ਦੇਰ ਤੱਕ ਕਿਸਾਨ ਘੇਰ ਕੇ ਖੜੇ ਰਹੇ।
ਇਸ ਦੌਰਾਨ ਅੰਬਾਲਾ ਪੁਲਿਸ ਦੇ ਜਵਾਨਾਂ ਅਤੇ ਕਿਸਾਨਾਂ ਵਿਚਕਾਰ ਕਾਫੀ ਦੇਰ ਤੱਕ ਹੱਥੋਪਾਈ ਹੋਈ। ਦੱਸ ਦੇਈਏ ਕਿ ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਸਨੂੰ ਲੈ ਕੇ ਕਿਸਾਨਾਂ ਨੇ ਇਹ ਰਣਨੀਤੀ ਬਣਾਈ ਹੈ ਕਿ ਭਾਜਪਾ ਦੇ ਆਗੂਆਂ ਦਾ ਹਰ ਜ਼ਿਲ੍ਹੇ ਵਿੱਚ ਘਿਰਾਉ ਕੀਤਾ ਜਾਵੇ। ਇਸੇ ਕੜੀ ਵਿੱਚ ਮੰਗਲਵਾਰ ਨੂੰ ਕਿਸਾਨਾਂ ਨੇ ਮੁੱਖ ਮੰਤਰੀ ਦਾ ਘਿਰਾਉ ਕੀਤਾ, ਪਰ ਇਥੇ ਸਥਿਤੀ ਬੇਕਾਬੂ ਹੋ ਗਈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਰਨੌਲ ਵਿੱਚ 'ਜਲ ਅਧਿਕਾਰ ਰੈਲੀ' ਕਰਨ ਪੁੱਜੇ ਸਨ। ਉਥੇ ਵੀ ਮੁੱਖ ਮੰਤਰੀ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਸੀ। ਕੁੱਝ ਕਿਸਾਨਾਂ ਨੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਵਿਖਾਉਣ ਦੀ ਵੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਤੁਰੰਤ ਰੈਲੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ।