ਅੰਬਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚਲਦਿਆਂ ਪੰਜਾਬ ਦੇ ਕਿਸਾਨ ਹਰਿਆਣਾ ਹੱਦ 'ਤੇ ਪੁੱਜ ਚੁੱਕੇ ਹਨ। ਹੁਣ ਕਿਸਾਨਾਂ ਨੇ ਦਿੱਲੀ ਕੂਚ ਲਈ ਪੂਰੀ ਤਿਆਰੀ ਕਰ ਲਈ ਹੈ। ਇਸ ਨੂੰ ਵੇਖਦੇ ਹੋਏ ਹਰਿਆਣਾ-ਪੰਜਾਬ ਹੱਦ 'ਤੇ ਭਾਰੀ ਪੁਲਿਸ ਬਲ ਤੈਨਾਤ ਹੈ। ਪੁਲਿਸ ਪ੍ਰਸ਼ਾਸਨ ਨੇ ਹੱਦ 'ਤੇ ਹੀ ਬੈਰੀਕੇਡ ਲਾਏ ਹੋਏ ਹਨ। ਇਸਤੋਂ ਬਾਅਦ ਵੀ ਅੰਬਾਲਾ ਵਿੱਚ ਕਿਸਾਨਾਂ ਨੇ ਅੱਗੇ ਵੱਧਦੇ ਹੋਏ ਬੈਰੀਕੇਡ ਤੋੜ ਦਿੱਤੇ।
ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਕਾਫ਼ੀ ਧੱਕਾ-ਮੁੱਕੀ ਵੇਖਣ ਨੂੰ ਮਿਲੀ। ਪੁਲਿਸ ਬਲ ਨੂੰ ਕਿਸਾਨਾਂ ਨੂੰ ਰੋਕਣ ਲਈ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਭਾਵੇਂ ਕੰਧ ਕਿਉਂ ਨਾ ਖੜੀ ਕਰ ਦੇਵੇ, ਉਹ ਦਿੱਲੀ ਜਾ ਕੇ ਹੀ ਰਹਿਣਗੇ।
ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਅੰਬਾਲਾ-ਕੁਰੂਕਸ਼ੇਤਰ ਹੱਦ ਨੂੰ ਪਾਰ ਕਰ ਲਿਆ। ਪੁਲਿਸ ਨੇ ਕਿਸਾਨਾਂ ਨੂੰ ਪਾਣੀ ਦੀਆਂ ਬੁਛਾੜਾਂ ਮਾਰ ਕੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰੰਤੂ ਕਿਸਾਨ ਬੁਛਾੜਾਂ ਦੀ ਪਰਵਾਹ ਨਾ ਕਰਦੇ ਹੋਏ ਇੱਕ-ਇੱਕ ਕਰਕੇ ਅੱਗੇ ਲੰਘਦੇ ਰਹੇ। ਇਸ ਦੌਰਾਨ ਪੁਲਿਸ ਬਲ ਕਿਸਾਨਾਂ ਅੱਗੇ ਲਾਚਾਰ ਹੁੰਦੀ ਵਿਖਾਈ ਦਿੱਤੀ।