ਸਰਕਾਰ ਅਤੇ ਅੰਦੋਲਨਕਾਰੀ ਕਿਸਾਨ ਜੱਥੇਬੰਦੀਆਂ ਵਿਚਾਲੇ ਬੁੱਧਵਾਰ ਨੂੰ ਫਿਰ ਗੱਲਬਾਤ ਜਾਰੀ ਹੈ। ਇਹ ਬੈਠਕ ਵਿਗਿਆਨ ਭਵਨ ਚੱਲ ਰਹੀ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਕਿਸੇ ਨਤੀਜੇ 'ਤੇ ਪਹੁੰਚਣਗੇ ਤਾਂ ਜੋ ਠੰਡ ਵਿੱਚ ਅੰਦੋਲਨ ਕਰ ਰਹੇ ਕਿਸਾਨ ਘਰ ਪਰਤ ਸਕਣ।
ਸਰਕਾਰ ਅੰਦੋਲਨ ਨੂੰ ਬਦਨਾਮ ਕਰਨ ਦੀ ਕਰ ਰਹੀ ਕੋਸ਼ਿਸ਼: ਬਲਦੇਵ ਸਿੰਘ ਸਿਰਸਾ
ਈਟੀਵੀ ਭਾਰਤ ਨੇ ਮੀਟਿੰਗ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਸਿਰਸਾ ਨੇ ਕਿਹਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਅੰਦੋਲਨ ਨੂੰ ਬਦਨਾਮ ਕਰਨ ਦੀ ਹਰ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਪੱਤਰ ਲਿਖ ਕੇ ਗੱਲਬਾਤ ਦੀ ਮੰਗ ਕਰ ਰਹੀ ਹੈ। ਸਰਕਾਰ ਸਾਡੇ ਏਜੰਡੇ ਤੋਂ ਭੱਜਣਾ ਚਾਹੁੰਦੀ ਹੈ ਅਤੇ ਅਸੀਂ ਉਸ ਏਜੰਡੇ ਤਹਿਤ ਗੱਲਬਾਤ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ।
ਸਾਡਾ ਅੰਦੋਲਨ ਸ਼ਾਂਤਮਈ ਢੰਗ ਨਾਲ ਚੱਲ ਰਿਹਾ: ਬਲਦੇਵ ਸਿੰਘ ਸਿਰਸਾ
ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਸਾਰੇ ਜਥੇਬੰਦੀਆਂ ਦੇ ਲੋਕ ਦਿੱਲੀ ਬਾਰਡਰ 'ਤੇ ਮੌਜੂਦ ਹਨ ਤੇ ਸਾਡੇ ਪਿੱਛੇ ਕੁਝ ਹੋ ਰਿਹਾ ਹੈ ਤਾਂ ਅਸੀਂ ਇਸ ਦੇ ਹੱਕ ਵਿੱਚ ਨਹੀਂ ਹਾਂ। ਸਾਡਾ ਅੰਦੋਲਨ ਸ਼ਾਂਤਮਈ ਢੰਗ ਨਾਲ ਜਾਰੀ ਹੈ। ਕਿਸਾਨ ਸੰਗਠਨ ਨੇ ਜੀਓ ਦੇ ਬਾਈਕਾਟ ਦੀ ਅਪੀਲ ਕੀਤੀ ਸੀ, ਪਰ ਅਸੀਂ ਕਦੇ ਨਹੀਂ ਕਿਹਾ ਕਿ ਕਿਸੇ ਵੀ ਟੈਲੀਕਾਮ ਕੰਪਨੀ ਦੇ ਟਾਵਰ ਜਾਂ ਹੋਰ ਉਪਕਰਨਾਂ ਨੂੰ ਨੁਕਸਾਨ ਪਹੁੰਚਣਾ ਚਾਹੀਦਾ ਹੈ। ਅਸੀਂ ਉਨ੍ਹਾਂ ਲੋਕਾਂ ਤੋਂ ਜਾਣੂ ਨਹੀਂ ਹਾਂ ਜਿਹੜੇ ਇਹ ਕੰਮ ਕਰ ਰਹੇ ਹਨ, ਪਰ ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਉਹ ਕਿਸਾਨੀ ਦੇ ਹਿੱਤ ਵਿੱਚ ਹੈ ਤਾਂ ਉਹ ਅਜਿਹਾ ਕੰਮ ਨਾ ਕਰਨ।
ਪੰਜਾਬ ਵਿੱਚ ਲੋਕਾਂ ਨੇ ਟੈਲੀਕਾਮ ਟਾਵਰ ਨੂੰ ਪਹੁੰਚਾਇਆ ਨੁਕਸਾਨ
ਜੀਓ ਦੇ ਬਾਈਕਾਟ ਦੀ ਅਪੀਲ ਕਿਸਾਨ ਮੋਰਚੇ ਨੇ ਕੀਤੀ ਸੀ ਪਰ ਹੁਣ ਅਜਿਹੀਆਂ ਕਈ ਸਾਰੀਆਂ ਘਟਨਾਵਾਂ ਪੰਜਾਬ ਤੋਂ ਸਾਹਮਣੇ ਆਈਆਂ ਹਨ ਜਿੱਥੇ ਲੋਕਾਂ ਨੇ ਟੈਲੀਕਾਮ ਟਾਵਰ ਨੂੰ ਨੁਕਸਾਨ ਪਹੁੰਚਾਇਆ ਹੈ। ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਲੋਕ ਟਾਵਰ ਕੱਢ ਰਹੇ ਹਨ ਅਤੇ ਉਨ੍ਹਾਂ ਨੂੰ ਟਰੈਕਟਰ ਤੋਂ ਖਿੱਚ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਵਿਰੋਧ ਸ਼ਾਂਤੀਪੂਰਵਕ ਬਣਾਈ ਰੱਖਣ ਪਰ ਇਸ ਦਾ ਅਸਰ ਦਿਖਾਈ ਨਹੀਂ ਦੇ ਰਿਹਾ।
ਕਿਸੇ ਨੂੰ ਵੀ ਪ੍ਰੇਸ਼ਾਨ ਕਰਨਾ ਅੰਦੋਲਨ ਦਾ ਹਿੱਸਾ ਨਹੀਂ: ਪਰਮਜੀਤ ਸਿੰਘ
ਪੰਜਾਬ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੁਮਾਇੰਦੇ ਪਰਮਜੀਤ ਸਿੰਘ ਨੇ ਵੀ ਟੈਲੀਕਾਮ ਟਾਵਰ ਨੂੰ ਹੋਏ ਨੁਕਸਾਨ ‘ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਕਿਸੇ ਨੂੰ ਵੀ ਪ੍ਰੇਸ਼ਾਨ ਕਰਨਾ ਅੰਦੋਲਨ ਦਾ ਹਿੱਸਾ ਨਹੀਂ ਹੈ। ਅਸੀਂ ਸਿਰਫ਼ ਬਾਈਕਾਟ ਲਈ ਕਿਹਾ ਸੀ। ਇਹ ਸੰਘਰਸ਼ 6 ਮਹੀਨੇ ਤੋਂ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ। ਜਿਹੜੀਆਂ ਵੀ ਘਟਨਾਵਾਂ ਪੰਜਾਬ ਤੋਂ ਸਾਹਮਣੇ ਆਈਆਂ ਹਨ ਉਹ ਸਾਡੇ ਅੰਦੋਲਨ ਦਾ ਹਿੱਸਾ ਨਹੀਂ ਹੈ।
ਸੁਪਰੀਮ ਕੋਰਟ ਦੀ ਫਾਈਲ ਭਰਨ ਦਾ ਕੰਮ ਕਰ ਰਹੀ ਸਰਕਾਰ: ਯੋਗੇਂਦਰ ਯਾਦਵ
ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨਾਂ ਨੇ ਆਪਣਾ ਏਜੰਡਾ ਸਰਕਾਰ ਨੂੰ ਦਿੱਤਾ ਹੈ ਅਤੇ ਸਰਕਾਰ ਦੀ ਚਿੱਠੀ ਵਿੱਚ ਇਨ੍ਹਾਂ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਦੀ ਚਰਚਾ ਹੈ। ਜੇ ਸਰਕਾਰ ਇਸ ਮੁੱਦੇ 'ਤੇ ਗੱਲ ਕਰਦੀ ਹੈ ਕਿ ਇਨ੍ਹਾਂ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਕੀ ਹੈ, ਤਾਂ ਐਮਐਸਪੀ ਨੂੰ ਕਾਨੂੰਨੀ ਅਧਿਕਾਰ ਬਣਾਉਣ ਦੀ ਪ੍ਰਕਿਰਿਆ ਕੀ ਹੋਵੇਗੀ। ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਸਰਕਾਰ 5 ਦਸੰਬਰ ਨੂੰ ਜੋ ਕਿਹਾ ਉਸ ਤੋਂ ਇੱਕ ਕਦਮ ਵੀ ਅੱਗੇ ਵਧੇਗੀ। ਸ਼ਾਇਦ ਇਹ ਪੱਤਰ ਅਤੇ ਗੱਲਬਾਤ ਸਿਰਫ਼ ਸੁਪਰੀਮ ਕੋਰਟ ਦੀ ਫਾਈਲ ਵਿੱਚ ਕਾਗਜ਼ ਭਰਨ ਲਈ ਕੀਤੀ ਜਾ ਰਹੀ ਹੈ।