ਸੈਨ ਫ਼ਰਾਂਸਿਸਕੋ: ਫ਼ੇਸਬੁੱਕ ਨੇ ਇੱਕ ਇਜ਼ਰਾਇਲੀ ਸਰਵਿਲਾਂਸ ਕੰਪਨੀ ਐਨਐਸਓ ਗਰੁੱਪ ਵਿਰੁੱਧ ਮਾਮਲਾ ਦਰਜ ਕੀਤਾ ਹੈ। ਦਿੱਗਜ ਕੰਪਨੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜ਼ਿਆਦਾਤਰ ਸੋਫੀਸਟਿਕੇਟਡ ਮੇਲਵੇਅਰ ਦੀ ਵਰਤੋਂ ਕਰਕੇ ਸਿਵਿਲ ਸੋਸਾਈਟੀ ਦੇ ਸੀਨੀਅਰ ਮੈਂਬਰਾਂ ਦੇ ਨਾਲ 1400 ਵਟਸਐਪ ਯੂਜ਼ਰ ਨੂੰ ਟਾਰਗੇਟ ਕੀਤਾ ਗਿਆ ਹੈ।
ਇਹ ਪਹਿਲੀ ਵਾਰ ਹੈ ਜਦੋਂ ਯੂਜ਼ਰਸ ਉੱਤੇ ਇਸ ਤਰ੍ਹਾਂ ਦਾ ਹਮਲਾ ਕਰਨ ਲਈ ਕੰਪਨੀ ਨੇ ਕਿਸੇ ਨਿੱਜੀ ਸੰਸਥਾਨ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਹੈ। ਫੇਸਬੁਕ ਦੀ ਮਾਲਕੀਅਤ ਵਾਲੀ ਕੰਪਨੀ ਵਟਸਐਪ ਨੇ ਮਈ 2019 ਵਿੱਚ ਆਪਣੇ ਸਿਸਟਮ ਦੇ ਵੀਡੀਓ ਕਾਲਿੰਗ ਉੱਤੇ ਹੋਏ ਬੇਹੱਦ ਗੰਭੀਰ ਸੋਫਿਸਟੀਕੇਟੇਡ ਮੈਲਵੇਅਰ ਹਮਲੇ ਨੂੰ ਰੋਕਿਆ ਸੀ। ਹਮਲੇ ਦਾ ਮਕਸਦ ਕਈ ਵਟਸਐਪ ਯੂਜ਼ਰਸ ਦੇ ਮੋਬਾਈਲਾਂ ਉੱਤੇ ਮਿਸ ਕਾਲ ਰਾਹੀਂ ਮੈਲਵੇਅਰ ਭੇਜਣਾ ਸੀ।
ਫੇਸਬੁਕ ਮੁਤਾਬਕ ਐਨਐਸਓ ਗਰੁੱਪ ਨੇ ਯੂਜ਼ਰਸ ਦੇ ਸਮਾਰਟਫੋਨ ਨੂੰ ਹੈਕ ਕਰਨ ਲਈ ਵਟਸਐਪ ਦੀ ਇੱਕ ਖਾਮੀ ਦੀ ਵਰਤੋਂ ਕਰਕੇ ਯੂਐਸ ਕੰਪਿਊਟਰ ਫਰੌਡ ਅਤੇ ਐਬਿਊਜ਼ ਐਕਟ ਤੇ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ।
ਇੱਕ ਅਖ਼ਬਾਰ ਨੇ ਵਟਸਐਪ ਪ੍ਰਮੁਖ ਵਿਲ ਕੈਥਾਰਥ ਦੇ ਹਵਾਲੇ ਤੋਂ ਕਿਹਾ, "ਇਸ ਨੇ ਦੁਨੀਆਂ ਵਿੱਚ ਘੱਟੋ ਘੱਟ 100 ਮਨੁੱਖੀ ਅਧਿਕਾਰ ਰੱਖਿਅਕਸ ਪੱਤਰਕਾਰ ਅਤੇ ਸਿਵਲ ਸੋਸਾਈਟੀ ਦੇ ਹੋਰ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ।"
ਐਨਐਸਓ ਗਰੁੱਪ ਨੇ ਇੱਕ ਬਿਆਨ ਵਿੱਚ ਇਨ੍ਹਾਂ ਸਾਰੀਆਂ ਗੱਲਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਦੋਸ਼ਾਂ ਦਾ ਖੰਡਨ ਕਰਦਾ ਹੈ ਅਤੇ ਇਸ ਵਿਰੁੱਧ ਸਖ਼ਤੀ ਨਾਲ ਲੜਨ ਲਈ ਤਿਆਰ ਹੈ।
ਕੰਪਨੀ ਨੇ ਕਿਹਾ, "ਐਨਐਸਓ ਦਾ ਇੱਕੋ ਇੱਕ ਉਦੇਸ਼ ਲਾਈਸੈਂਸ ਪ੍ਰਾਪਤ ਸਰਕਾਰੀ ਖੁਫੀਆ ਅਤੇ ਕਾਨੂੰਨ ਪ੍ਰਵਰਤਨ ਏਜੰਸੀਆਂ ਨੂੰ ਅੱਤਵਾਦ ਅਤੇ ਗੰਭੀਰ ਅਪਰਾਧ ਨਾਲ ਲੜਨ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਤਕਨੀਕ ਪ੍ਰਦਾਨ ਕਰਨਾ ਹੈ।"
ਬਿਆਨ ਵਿੱਚ ਅੱਗੇ ਕਿਹਾ ਗਿਆ, "ਸਾਡੀ ਤਕਨੀਕ ਮਨੁੱਖੀ ਅਧਿਕਾਰ ਕਾਰਜਕਾਰੀਆਂ ਅਤੇ ਪੱਤਰਕਾਰਾਂ ਵਿਰੁੱਧ ਵਰਤੋਂ ਲਈ ਡਿਜ਼ਾਇਨ ਜਾਂ ਲਾਈਸੈਂਸ ਨਹੀਂ ਹੈ। ਇਸ ਨੇ ਹਾਲ ਹੀ ਦੇ ਸਾਲਾਂ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਮਦਦ ਕੀਤੀ ਹੈ।"