ਨਵੀਂ ਦਿੱਲੀ: ਕਸ਼ਮੀਰ ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਯੂਰੋਪੀਅਨ ਯੂਨੀਅਨ (EU) ਦਾ ਵਫ਼ਦ ਜੰਮੂ-ਕਸ਼ਮੀਰ ਦੇ ਸ੍ਰੀਨਗਰ ਪਹੁੰਚ ਚੁੱਕੇ ਹਨ। ਜੰਮੂ-ਕਸ਼ਮੀਰ ਜਾ ਰਹੇ ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਦੇ ਵਫ਼ਦ ਨੂੰ ਸ੍ਰੀਨਗਰ ਦੇ 15 ਕੋਰ ਹੈੱਡਕੁਆਰਟਰ ਵਿੱਚ ਸੁਰੱਖਿਆ ਬਲਾਂ ਵਲੋਂ ਸੰਖੇਪ ਜਾਣਕਾਰੀ ਦਿੱਤੀ ਜਾਵੇਗੀ।
ਬੀਤੇ ਦਿਨ, ਸੋਮਵਾਰ ਨੂੰ ਯੂਰੋਪੀਅਨ ਯੂਨੀਅਨ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ ਸੀ।
ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਹਟਾਏ ਜਾਣ ਤੋਂ ਬਾਅਦ ਰਾਜ ਵਿੱਚ ਇਹ ਕਿਸੇ ਵਿਦੇਸ਼ੀ ਵਫ਼ਦ ਦਾ ਪਹਿਲਾ ਦੌਰਾ ਹੈ। ਹਾਲਾਂਕਿ, ਕਾਂਗਰਸ ਨੇ ਇਸ ਦੌਰੇ ਨੂੰ ਲੈ ਕੇ ਭਾਜਪਾ ਸਰਕਾਰ 'ਤੇ ਸਵਾਲ ਖੜੇ ਕੀਤੇ ਹਨ। ਇਸ ਦੇ ਨਾਲ ਹੀ ਸੋਮਵਾਰ ਨੂੰ ਯੂਰੋਪੀਅਨ ਯੂਨੀਅਨ ਦੇ ਵਫ਼ਦ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਤੋਂ ਬਾਅਦ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਟਵੀਟ ਵੀ ਸਾਹਮਣੇ ਆਇਆ।
ਯੂਰਪੀਅਨ ਯੂਨੀਅਨ ਦਾ ਵਫ਼ਦ ਕਸ਼ਮੀਰ ਦੌਰੇ ਦੌਰਾਨ ਸਥਾਨਕ ਲੋਕਾਂ ਨਾਲ ਮੁਲਾਕਾਤ ਕਰਨਗੇ ਅਤੇ ਵਾਦੀ ਵਿੱਚ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣਗੇ। ਦੱਸ ਦਈਏ ਕਿ ਭਾਰਤ ਵੱਲੋਂ ਅਜੇ ਤੱਕ ਕਿਸੇ ਵੀ ਵਿਦੇਸ਼ੀ ਵਫ਼ਦ ਨੂੰ ਜੰਮੂ-ਕਸ਼ਮੀਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਨ੍ਹਾਂ ਸੰਸਦ ਮੈਂਬਰਾਂ ਨੂੰ ਰਾਸ਼ਟਰੀ ਸਲਾਹਕਾਰ ਅਜੀਤ ਡੋਵਾਲ ਨੇ ਹੀ ਸੱਦਿਆ ਹੈ। ਇਹ ਸਾਰਾ ਦੌਰਾ ਇੱਕ ਯੂਰੋਪੀਅਨ NGO ਵੱਲੋਂ ਕਰਵਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਅੱਤਵਾਦੀ ਯੂਰਪੀਅਨ ਯੂਨੀਅਨ ਦੇ ਵਫ਼ਦ ਦੀ ਫੇਰੀ ਤੋਂ ਪਹਿਲਾਂ ਘਾਟੀ ਵਿੱਚ ਮਾਹੌਲ ਖ਼ਰਾਬ ਕਰਨ ਦੀ ਹਰ ਕੋਸ਼ਿਸ਼ ਕਰ ਰਹੇ ਹਨ। ਕੁਝ ਦਿਨ ਪਹਿਲਾਂ, ਬਾਰਾਮੂਲਾ ਦੇ ਸੋਪੋਰ ਵਿਖੇ ਇੱਕ ਗ੍ਰਨੇਡ ਨਾਲ ਹਮਲਾ ਕਰਨ ਤੋਂ ਬਾਅਦ, ਹੁਣ ਅੱਤਵਾਦੀਆਂ ਨੇ ਅਨੰਤਨਾਗ ਵਿੱਚ ਇੱਕ ਸੇਬ ਟਰੱਕ ਚਾਲਕ ਦਾ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਰਿਆਦ ਸ਼ਹਿਰ ਦੇ ਕਿੰਗ ਸਾਉਦ ਪੈਲੇਸ ਪਹੁੰਚੇ ਪੀਐੱਮ ਮੋਦੀ
ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਜ਼ੰਮੂ-ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਉੱਥੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਇੰਨਾ ਹੀ ਨਹੀਂ, ਉੱਥੇ ਇੰਟਰਨੈੱਟ ਸੇਵਾ ਤੱਕ ਬੰਦ ਕਰ ਦਿੱਤੀ ਗਈ ਸੀ। ਜੰਮੂ-ਕਸ਼ਮੀਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੁਰੱਖਿਆ ਬਲ ਤੈਨਾਤ ਕੀਤੇ ਗਏ ਸਨ। ਹੁਣ ਜੰਮੂ-ਕਸ਼ਮੀਰ ਵਿੱਚ ਹਾਲਾਤ ਕੁੱਝ ਸੁਧਰ ਗਏ ਹਨ। ਫੋਨ ਅਤੇ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ ਅਤੇ ਹਾਲਾਤ ਮੁੜ ਤੋਂ ਆਮ ਵਰਗੇ ਹੋਣ ਲੱਗ ਪਏ ਸਨ।