ਰੋਮ: ਕੋਰੋਨਾਵਾਇਰਸ ਹਰ ਰੋਜ਼ ਇਟਲੀ ਦੇ ਸੈਂਕੜੇ ਲੋਕਾਂ ਨੂੰ ਬੇਦਰਦੀ ਨਾਲ ਨਿਗਲਦਾ ਜਾ ਰਿਹਾ ਹੈ। ਬੇਸ਼ੱਕ ਇਟਲੀ ਸਰਕਾਰ ਕੋਰੋਨਾਵਾਇਰਸ ਤੋਂ ਦੇਸ਼ ਵਾਸੀਆਂ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ, ਪਰ ਸਰਕਾਰ ਵੱਲੋਂ ਬੀਤੇ ਦਿਨਾਂ ਵਿੱਚ ਕੋਰੋਨਵਾਇਰਸ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਖਾਮਿਆਜ਼ਾ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਨਾਲ ਚੁਕਾਉਣਾ ਪੈ ਰਿਹਾ ਹੈ। ਅਜਿਹੇ ਦੌਰ ਵਿੱਚ ਜਦੋਂ ਇਟਲੀ 'ਚ ਬਹੁਤੇ ਲੋਕ ਕੋਰੋਨਾਵਾਇਰਸ ਦੇ ਨਾਂ ਨਾਲ ਹੀ ਤਰੇਲੋ-ਤਰੇਲੀ ਹੋ ਰਹੇ ਹਨ, ਇਸ ਤਬਾਹੀ ਵਾਲੇ ਸਮੇਂ ਵਿੱਚ ਵੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਅਜਿਹੇ ਲੋਕ ਵੀ ਹਨ ਜਿਹੜੇ ਕਿ ਸਿਰ 'ਤੇ ਨੱਚਦੀ ਮੌਤ ਦੇਖ ਕੇ ਵੀ ਲੋਕਾਂ ਨੂੰ ਜੀਵਨ ਦਾਨ ਦੇਣ ਲਈ ਪਿੱਛੇ ਨਹੀਂ ਹੱਟਦੇ।
ਯੂਰਪ ਭਰ ਵਿੱਚ ਕੋਰੋਨਾਵਾਇਰਸ ਨਾਲ ਜ਼ਿਆਦਾਤਰ ਵਡੇਰੀ ਉਮਰ ਦੇ ਲੋਕ ਹਨ ਜਿਨ੍ਹਾਂ ਦੀ ਮੌਤ ਹੋ ਰਹੀ ਹੈ, ਜਿਸ ਦਾ ਕਾਰਨ ਇਨ੍ਹਾਂ ਲੋਕਾਂ ਵਿੱਚ ਬਿਮਾਰੀ ਨਾਲ ਲੜਨ ਦੀ ਸ਼ਕਤੀ ਵਡੇਰੀ ਉਮਰ ਕਾਰਨ ਘੱਟ ਹੈ ਜਾਂ ਹੋਰ ਬਿਮਾਰੀਆਂ ਜਿਵੇਂ ਸੂਗਰ, ਮੋਟਾਪਾ, ਦਿਲ ਦੇ ਰੋਗ ਆਦਿ ਹੋਣ ਕਾਰਨ ਇਨ੍ਹਾਂ ਮਰੀਜ਼ਾਂ ਨੂੰ ਵੀ ਕੋਰੋਨਾਵਾਇਰਸ ਸੌਖਾ ਹੀ ਆਪਣਾ ਸ਼ਿਕਾਰ ਬਣਾ ਲੈਂਦਾ ਹੈ।
ਇਸ ਦੇ ਚੱਲਦਿਆਂ ਇਟਲੀ ਵਿੱਚ ਇੱਕ 72 ਸਾਲਾ ਜੋਸਫ਼ ਪਾਦਰੀ, ਜਿਹੜਾ ਕਿ ਕੋਰੋਨਾਵਾਇਰਸ ਨਾਲ ਪੀੜਤ ਸੀ, ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਪਾਦਰੀ ਦੀ ਗੰਭੀਰ ਹਾਲਤ ਦੇਖਦਿਆਂ ਵੈਂਟੀਲੇਟਰ ਉੱਪਰ ਰੱਖਣਾ ਚਾਹਿਆ ਤਾਂ ਜੋਸਫ਼ ਪਾਦਰੀ ਨੇ ਵੈਂਟੀਲੇਟਰ ਉੱਪਰ ਜਾਣ ਤੋਂ ਇਹ ਕਹਿ ਕਿ ਇਨਕਾਰ ਕਰ ਦਿੱਤਾ ਕਿ ਕਿਸੇ ਹੋਰ ਨੌਜਵਾਨ ਮਰੀਜ਼ ਨੂੰ ਵੈਂਟੀਲੇਟਰ ਦਿਓ, ਮੈਨੂੰ ਇਸ ਦੀ ਜ਼ਰੂਰਤ ਨਹੀਂ।
ਜ਼ਿਕਰਯੋਗ ਹੈ ਕਿ ਬੈਲਜੀਅਮ ਵਿਚ ਵੀ ਇਕ 90 ਸਾਲਾ ਦੀ ਔਰਤ ਸੁਜੈਨ ਨੇ ਹਸਪਤਾਲ ਵਿੱਚ ਕੋਰੋਨਾਵਾਇਰਸ ਨਾਲ ਗ੍ਰਸਤ ਹੋਣ 'ਤੇ ਵੀ ਵੈਂਟੀਲੇਟਰ ਲੈਣ ਤੋਂ ਇਹ ਕਹਿ ਕਿ ਇਨਕਾਰ ਕਰ ਦਿੱਤਾ ਕਿ ਉਸ ਨੇ ਆਪਣੀ ਜ਼ਿੰਦਗੀ ਬਹੁਤ ਹੀ ਖੁਸ਼ੀ ਨਾਲ ਲੰਘਾਈ ਹੈ ਤੇ ਜੇਕਰ ਹੁਣ ਉਸ ਨੂੰ ਇਸ ਜਹਾਨੋ ਕੂਚ ਵੀ ਕਰਨਾ ਪਿਆ ਤਾਂ ਕੋਈ ਦੁੱਖ ਵਾਲੀ ਗੱਲ ਨਹੀਂ।
ਇਸ ਵੈਂਟੀਲੇਟਰ ਨਾਲ ਕਿਸੇ ਹੋਰ ਲੋੜਵੰਦ ਦੀ ਜਾਨ ਬਚਾਈ ਜਾਵੇ। ਇਹ ਦੋਵੇਂ ਬਜ਼ੁਰਗ ਚਾਹੇ ਅੱਜ ਦੁਨੀਆਂ ਉੱਪਰ ਨਹੀਂ ਰਹੇ ਪਰ ਅਜਿਹੇ ਤੰਦਰੁਸਤ ਤੇ ਸਮਾਜ ਸੇਧਕ ਸੋਚ ਰੱਖਣ ਵਾਲੀਆਂ ਸ਼ਖ਼ਸੀਅਤਾਂ ਦੀ ਆਪਣੇ ਸਮਾਜ ਪ੍ਰਤੀ ਕੀਤੀ ਕੁਰਬਾਨੀ ਸਾਨੂੰ ਸਭ ਨੂੰ ਨਵਾਂ ਸਬਕ ਦੇ ਰਹੀ ਹੈ। ਇਨ੍ਹਾਂ ਬਹਾਦਰੀਆਂ ਦੀ ਮਾੜੇ ਦੌਰ ਵਿਚ ਵੀ ਲੋਕਾਂ ਵਲੋਂ ਭਰਪੂਰ ਸਲਾਘਾ ਹੋ ਰਹੀ ਹੈ। ਇਸ ਸਮੇਂ ਇਟਲੀ ਵਿਚ 13,915 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਜਦੋਂ ਕਿ ਇਸ ਵਾਇਰਸ ਦੇ ਹੁਣ ਤੱਕ ਦੇਸ਼ ਵਿਚ 1,15,242 ਮਾਮਲੇ ਸਾਹਮਣੇ ਆ ਚੁੱਕੇ ਹਨ।