ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਅੱਜ ਹੋ ਸਕਦਾ ਹੈ। ਐਤਵਾਰ ਸ਼ਾਮੀਂ ਪੰਜ ਵਜੇ ਚੋਣ ਕਮਿਸ਼ਨ ਨੇ ਪ੍ਰੈੱਸ ਕਾਨਫਰੰਸ ਬੁਲਾਈ ਹੈ। ਇਸ ਪ੍ਰੈੱਸ ਕਾਨਫਰੰਸ ਵਿੱਚ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ 2019 ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਸਕਦੇ ਹਨ।
ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦੇ ਐਲਾਨ ਨਾਲ ਹੀ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਸੱਤ ਪੜਾਅ 'ਚ ਹੋਵੇਗਾ। ਸੰਭਾਵਨਾ ਹੈ ਕਿ ਲੋਕ ਸਭਾ ਚੋਣਾਂ ਦੀ ਸ਼ੁਰੂਆਤ 12 ਅਪ੍ਰੈਲ ਤੋਂ ਹੋ ਸਕਦੀ ਹੈ।
ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸਵਾਈ ਕੁਰੈਸ਼ੀ ਨੇ ਟਵਿੱਟਰ 'ਤੇ ਚੋਣ ਦੇ ਪ੍ਰੋਗਰਾਮਾਂ ਦਾ ਇੱਕ ਅੰਕੜਾ ਪੋਸਟ ਕੀਤਾ ਹੈ। ਅੰਕੜਿਆਂ ਅਨੁਸਾਰ, 2004 'ਚ ਇੱਕ ਜੂਨ, 2009 'ਚ 30 ਮਈ ਅਤੇ 2014 'ਚ ਤਿੰਨ ਜੂਨ ਨੂੰ ਲੋਕ ਸਭਾ ਦਾ ਕਾਰਜਕਾਲ ਖ਼ਤਮ ਹੋਇਆ ਸੀ। ਇਸ ਵਾਰ ਦੋ ਜੂਨ ਨੂੰ ਕਾਰਜਕਾਲ ਖ਼ਤਮ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਚੋਣ ਕਮਿਸ਼ਨ ’ਤੇ ਪੀਐਮ ਮੋਦੀ ਦੇ ਤੈਅ ਪ੍ਰੋਗਰਾਮਾਂ ਦੇ ਚੱਲਦਿਆਂ ਜਾਣਬੁੱਝ ਦੇ ਤਾਰੀਖ਼ਾਂ ਦੇ ਐਲਾਨ ਵਿੱਚ ਦੇਰੀ ਦਾ ਇਲਜ਼ਾਮ ਲਾ ਰਹੀ ਹੈ। ਕਿਆਸ ਲਾਏ ਜਾ ਰਹੇ ਹਨ ਕਿ ਇਸ ਸਥਿਤੀ ਨੂੰ ਸਾਫ਼ ਕਰਨ ਲਈ ਹੀ ਚੋਣ ਕਮਿਸ਼ਨ ਨੇ ਐਤਵਾਰ ਦਾ ਦਿਨ ਚੁਣਿਆ ਹੈ।