ਨਵੀਂ ਦਿੱਲੀ: ਦੇਸ਼ ਦੇ ਆਰਥਿਕ ਹਾਲਾਤਾਂ 'ਤੇ ਰਾਜਸਭਾ ਵਿੱਚ ਬੋਲਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਗਿਰਾਵਟ ਤਾਂ ਹੈ ਪਰ ਇਸ ਨੂੰ ਮੰਦੀ ਨਹੀਂ ਕਿਹਾ ਜਾ ਸਕਦਾ।
ਆਰਥਿਕ ਮੰਦੀ ਬਾਰੇ ਕਾਂਗਰਸ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਸੀਤਾਰਮਨ ਨੇ ਕਿਹਾ ਕਿ ਆਰਥਿਕ ਵਿਕਾਸ ਦੀ ਰਫ਼ਤਾਰ ਹੇਠਾਂ ਆ ਗਈ ਹੈ, ਪਰ ਦੇਸ਼ ਮੰਦੀ ਦੇ ਦੌਰ ਤੋਂ ਨਹੀਂ ਲੰਘ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਤੁਸੀ ਅਰਥਚਾਰੇ ਨੂੰ ਸਹੀ ਤਰੀਕੇ ਨਾਲ ਵੇਖ ਰਹੇ ਹੋ ਤਾਂ ਤੁਸੀ ਪਾਓਗੇ ਕਿ ਵਿਕਾਸ ਦਰ 'ਚ ਕਮੀ ਆਈ ਹੈ ਪਰ ਹਾਲੇ ਤਕ ਮੰਦੀ ਦਾ ਮਾਹੌਲ ਨਹੀਂ ਹੈ ਅਤੇ ਮੰਦੀ ਕਦੇ ਨਹੀਂ ਆਵੇਗੀ।
ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦੀ ਜੀਡੀਪੀ ਵਿਕਾਸ ਦਰ 2009-2014 ਦੇ ਅੰਤ 'ਚ 6.4% ਰਹੀ, ਜਦਕਿ 2014-2019 ਵਿਚਕਾਰ ਇਹ 7.5% ਰਹੀ ਸੀ। ਉਨ੍ਹਾਂ ਕਿਹਾ ਕਿ ਐਨਡੀਏ ਦੀ ਸਰਕਾਰ 'ਚ ਅਰਥਚਾਰੇ ਦਾ ਪ੍ਰਦਰਸ਼ਨ ਕਾਫ਼ੀ ਵਧੀਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਾਕਰ ਨੇ ਸਫ਼ਲਤਾਪੂਰਨ ਤਰੀਕੇ ਨਾਲ ਮਹਿੰਗਾਈ 'ਤੇ ਕਾਬੂ ਪਾਇਆ ਹੈ।