ਨਵੀਂ ਦਿੱਲੀ: ਮੰਗਲਵਾਰ ਤੋਂ ਰੇਲ ਸੇਵਾਵਾਂ ਨੂੰ ਅੰਸ਼ਕ ਰੂਪ ਨਾਲ ਮੁੜ ਸ਼ੁਰੂ ਕਰਨ ਦੇ ਐਲਾਨ ਤੋਂ ਇੱਕ ਦਿਨ ਬਾਅਦ ਸਰਕਾਰੀ ਸੂਤਰਾ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ 18 ਮਈ ਤੋਂ ਪੜਾਅਵਾਰ ਤਰੀਕੇ ਨਾਲ ਉਡਾਣਾਂ ਦੀ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਸੂਤਰਾਂ ਦੇ ਅਨੁਸਾਰ, ਡੀਜੀਸੀਏ, ਸੀਆਈਐਸਐਫ, ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਸਮੇਤ ਏਏਆਈ ਅਤੇ ਡੀਆਈਏਐਲ ਦੇ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਕਮੇਟੀ ਨੇ ਸੋਮਵਾਰ ਨੂੰ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੇਵਾਵਾਂ ਮੁੜ ਤੋਂ ਸ਼ੁਰੂ ਕਰਨ ਦੀ ਤਿਆਰੀ ਦਾ ਮੁਆਇਨਾ ਕੀਤਾ।
ਦਿੱਲੀ, ਮੁੰਬਈ, ਬੈਂਗਲੁਰੂ ਅਤੇ ਹੈਦਰਾਬਾਦ ਹਵਾਈ ਅੱਡਿਆਂ 'ਤੇ ਘਰੇਲੂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਹਾਲਾਂਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਤੋਂ ਬਾਅਦ ਇਸ ਤਰੀਕ 'ਤੇ ਅੰਤਿਮ ਫ਼ੈਸਲਾ ਲਏ ਜਾਣ ਦੀ ਉਮੀਦ ਹੈ।
ਸੂਤਰਾਂ ਮੁਤਾਬਕ ਸਰਕਾਰ ਨੇ ਸਾਰੇ ਯਾਤਰੀਆਂ ਲਈ 'ਅਰੋਗਿਆ ਸੇਤੂ ਐਪ' ਡਾਊਨਲੋਡ ਕਰਨਾ ਲਾਜ਼ਮੀ ਕੀਤਾ ਹੈ। ਇਸ ਤੋਂ ਇਲਾਵਾ ਇਹ ਵੀ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਸਾਰੇ ਯਾਤਰੀਆਂ ਨੇ ਮਾਸਕ, ਫੇਸ ਸ਼ੀਲਡ ਅਤੇ ਦਸਤਾਨੇ ਪਾਏ ਹੋਣ। ਇਸੇ ਤਹਿਤ ਕੋਵਿਡ-19 ਮਹਾਂਮਾਰੀ ਫੈਲਣ ਨੂੰ ਰੋਕਣ ਲਈ, ਦਿੱਲੀ ਹਵਾਈ ਅੱਡੇ 'ਤੇ ਟ੍ਰੌਲੀਜ਼ ਅਤੇ ਯਾਤਰੀਆਂ ਦੇ ਸਮਾਨ ਨੂੰ ਰੋਗਾਣੂ ਮੁਕਤ ਕਰਨ ਲਈ ਅਲਟਰਾਵਾਇਲਟ ਕਿਰਨਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਗਈ ਹੈ।
ਇਸ ਤੋਂ ਪਹਿਲਾਂ, ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ ਹਵਾਈ ਅੱਡਿਆਂ ਦੇ ਮੁੜ ਖੁੱਲ੍ਹਣ ਤੋਂ ਬਾਅਦ ਲੰਮੀਆਂ ਕਤਾਰਾਂ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਸੀ ਕਿ ਲੋਕਾਂ ਨੂੰ ਆਮ ਸਮੇਂ ਤੋਂ ਪਹਿਲਾਂ ਹਵਾਈ ਅੱਡੇ 'ਤੇ ਪਹੁੰਚਣ ਲਈ ਕਿਹਾ ਜਾਵੇਗਾ ਅਤੇ ਭੋਜਨ ਸੇਵਾਵਾਂ ਰੋਕੀਆਂ ਜਾ ਸਕਦੀਆਂ ਹਨ।