ਨਵੀਂ ਦਿੱਲੀ: ਕੋਰੋਨਾ ਖ਼ਿਲਾਫ਼ ਜੰਗ ਵਿਚ ਦੁਨੀਆਂ ਦੀ ਅਗਵਾਈ ਕਰ ਰਹੇ ਡਾਕਟਰਾਂ ਨੇ ਦਿੱਲੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁ.ਹਰਿਕ੍ਰਿਸ਼ਨ ਸਾਹਿਬ ਜੀ ਦਾ ਧੰਨਵਾਦ ਕੀਤਾ ਤੇ ਇਸ ਲੜਾਈ ਵਿਚ ਫਤਿਹ ਹਾਸਲ ਕਰਨ ਲਈ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ।
ਏਮਜ਼ ਦੇ ਮੈਡੀਕਲ ਸੁਪਰਡੈਂਟ ਡਾ. ਡੀ ਕੇ ਸ਼ਰਮਾ, ਰਾਮ ਮਨੋਹਰ ਲੋਹੀਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਸੂਦ ਅਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਡਾ. ਐਨ ਐਨ ਮਾਥੁਰ ਦੀ ਅਗਵਾਈ ਹੇਠ ਇਨ੍ਹਾਂ ਹਸਪਤਾਲਾਂ ਦੇ ਡਾਕਟਰਾਂ, ਨਰਸਾਂ ਤੇ ਮੈਡੀਕਲ ਸਟਾਫ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਧੰਨਵਾਦ ਕੀਤਾ।
ਜਿਨ੍ਹਾਂ ਨੇ ਇਸ ਮਹਾਂਮਾਰੀ ਖ਼ਿਲਾਫ਼ ਲੜਾਈ ਲਈ ਉਨ੍ਹਾਂ ਨੂੰ ਸ਼ਕਤੀ ਤੇ ਸਮਰੱਥਾ ਬਖਸ਼ਿਸ਼ ਕੀਤੀ। ਉਨ੍ਹਾਂ ਨੇ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ ਤੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਚ ਵੱਖ-ਵੱਖ ਸਰਾਵਾਂ ਵਿਚ ਡਾਕਟਰਾਂ ਤੇ ਮੈਡੀਕਲ ਸਟਾਫ ਨੂੰ ਠਹਿਰਣ ਲਈ ਥਾਂ ਦੇਣ 'ਤੇ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ।
ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਹੋਰ ਅਹੁਦੇਦਾਰਾਂ ਨੇ ਇਨ੍ਹਾਂ ਡਾਕਟਰਾਂ ਨੂੰ ਸਿਰੋਪਾਓ ਦੇ ਕੇ ਇਨ੍ਹਾਂ ਦਾ ਸਨਮਾਨ ਕੀਤਾ ਤੇ ਇਨ੍ਹਾਂ ਦਾ ਧੰਨਵਾਦ ਕੀਤਾ ਜੋ ਕਿ ਕੋਰੋਨਾ ਖ਼ਿਲਾਫ਼ ਇਸ ਲੜਾਈ ਵਿੱਚ ਸਾਰੀ ਦੁਨੀਆਂ ਦੀ ਅਗਵਾਈ ਕਰ ਰਹੇ ਹਨ।
ਇੱਥੇ ਦੱਸਣਯੋਗ ਹੈ ਕਿ ਜਦੋਂ ਕੋਰੋਨਾ ਨਾਲ ਜੰਗ ਸ਼ੁਰੂ ਹੋਈ ਸੀ ਤਾਂ ਸ਼ੁਰੂਆਤ ਵਿੱਚ ਹੀ ਦਿੱਲੀ ਗੁਰਦੁਆਰਾ ਕਮੇਟੀ ਨੇ ਡਾਕਟਰਾਂ ਤੇ ਮੈਡੀਕਲ ਸਟਾਫ ਨੂੰ ਠਹਿਰਣ ਲਈ ਆਪਣੀਆਂ ਸਰਾਵਾਂ ਵਿਚ ਠਿਕਾਣੇ ਦੇ ਦਿੱਤੇ ਸਨ। ਇਨ੍ਹਾਂ ਡਾਕਟਰਾਂ ਨੂੰ ਇਨ੍ਹਾਂ ਦੇ ਹਸਪਤਾਲਾਂ ਦੇ ਨੇੜੇ ਹੀ ਇਹ ਠਿਕਾਣੇ ਮਿਲ ਗਏ ਸਨ, ਜਿਸ ਨਾਲ ਜਿੱਥੇ ਇਨ੍ਹਾਂ ਨੂੰ ਆਉਣ ਜਾਣ ਵਿਚ ਸਫਰ ਦੀ ਮੁਸ਼ਕਿਲ ਸਮਾਪਤ ਹੋ ਗਈ ਸੀ, ਉੱਥੇ ਹੀ ਸਮਾਜਿਕ ਤੌਰ 'ਤੇ ਆ ਰਹੀਆਂ ਪ੍ਰੇਸ਼ਾਨੀਆਂ ਵੀ ਖਤਮ ਹੋ ਗਈਆਂ ਸਨ।
ਇਹ ਵੀ ਪੜੋ: ਪੰਜਾਬ ਤੋਂ ਬਿਹਾਰ ਪੈਦਲ ਜਾ ਰਹੇ ਮਜ਼ਦੂਰਾਂ ਨੂੰ ਰੋਡਵੇਜ਼ ਬੱਸ ਨੇ ਦਰੜਿਆ, 6 ਦੀ ਹੋਈ ਮੌਤ
ਇਸ ਦੌਰਾਨ ਸਿਰਸਾ ਨੇ ਕਿਹਾ ਕਿ ਜਿੱਥੇ ਦਿੱਲੀ ਗੁਰਦੁਆਰਾ ਕਮੇਟੀ ਨੇ ਇਨ੍ਹਾਂ ਡਾਕਟਰਾਂ ਨੂੰ ਠਹਿਰਣ ਲਈ ਥਾਂ ਮੁਹੱਈਆ ਕਰਵਾਈ ਹੈ, ਉੱਥੇ ਹੀ ਇਨ੍ਹਾਂ ਸਮੇਤ ਸਮੁੱਚੀ ਮਨੁੱਖਤਾ ਵਾਸਤੇ ਲਗਾਤਾਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਖਿਲਾਫ ਇਸ ਜੰਗ ਵਿਚ ਜਿੱਤੇ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ, ਉੱਥੇ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਸ਼ੀਰਵਾਦ ਸਦਕਾ ਇਸ ਜੰਗ ਵਿੱਚ ਹਰ ਹਾਲਤ ਵਿਚ ਜਿੱਤਾਂਗੇ।