ਕੋਲਕਾਤਾ : ਪੱਛਮੀ ਬੰਗਾਲ ਵਿੱਚ ਜਾਰੀ ਡਾਕਟਰਾਂ ਦੀ ਹੜਤਾਲ ਖ਼ਤਮ ਹੋਣ ਦੀ ਉਮੀਂਦ ਨਜ਼ਰ ਆ ਰਹੀ ਹੈ। ਸ਼ਨੀਵਾਰ ਰਾਤ ਨੂੰ ਇਹ ਉਮੀਦ ਉਸ ਵੇਲੇ ਨਜ਼ਰ ਆਈ ਜਦੋਂ ਅੰਦੋਲਨ ਕਰਨ ਵਾਲੇ ਡਾਕਟਰਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਪਰ ਉਹ ਮੁਲਾਕਾਤ ਦੀ ਥਾਂ ਬਾਅਦ ਵਿੱਚ ਤੈਅ ਕਰਨਗੇ।
ਇਸ ਤੋਂ ਪਹਿਲਾਂ ਸ਼ਾਮ ਨੂੰ ਹੜਤਾਲੀ ਡਾਕਟਰਾਂ ਨੇ ਸੂਬਾ ਸਕੱਤਰੇਤ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਮੁਲਾਕਾਤ ਦੀ ਬਜਾਏ ਉਨ੍ਹਾਂ ਨੇ ਇਸ ਮਾਮਲੇ ਉੱਤੇ ਖੁੱਲ੍ਹੀ ਚਰਚਾ ਲਈ ਐਨਐਰਐਸ ਮੈਡੀਕਲ ਕਾਲੇਜ ਹਸਪਤਾਲ ਆਉਣ ਲਈ ਕਿਹਾ ਸੀ।
ਇਸ ਤੋਂ ਬਾਅਦ ਸ਼ਨੀਵਾਰ ਦੇਰ ਰਾਤ ਨੂੰ ਜੂਨੀਅਰ ਡਾਕਟਰਾਂ ਦੇ ਜੁਆਇੰਟ ਫੋਰਮ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਜੁਆਇੰਟ ਫੋਰਮ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਸੀਂ ਹਮੇਸ਼ਾ ਤੋਂ ਹੀ ਗੱਲਬਾਤ ਕਰਨ ਲਈ ਤਿਆਰ ਹਾਂ। ਜੇਕਰ ਮੁੱਖ ਮੰਤਰੀ ਇੱਕ ਹੱਥ ਵੱਧਾਉਂਣਗੇ ਤਾਂ ਅਸੀਂ 10 ਹੱਥ ਵੱਧਾਵਾਂਗੇ। ਅਸੀਂ ਇਸ ਵਿਰੋਧ ਨੂੰ ਜਲਦ ਤੋਂ ਜਲਦ ਖ਼ਤਮ ਕਰਨ ਦੀ ਉਡੀਕ ਕਰ ਰਹੇ ਹਾਂ। ਉਨ੍ਹਾਂ ਮੁੱਖ ਮੰਤਰੀ ਨਾਲ ਬੈਠਕ ਕੀਤੇ ਜਾਣ ਲਈ ਪ੍ਰਸਤਾਵਤ ਥਾਂ ਦੀ ਚੋਣ ਸਬੰਧੀ ਆਪਣੇ ਸੰਗਠਨ ਦੇ ਫੈਸਲੇ ਦਾ ਇੰਤਜ਼ਾਰ ਕੀਤੇ ਜਾਣ ਦੀ ਗੱਲ ਆਖੀ।