ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) : ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਅਜੀਬ ਹੀ ਮਾਮਲਾ ਸਾਹਮਣੇ ਆਇਆ ਹੈ। ਇੱਕ 42 ਲੋਕਾਂ ਦੇ ਸਮੂਹ ਨੇ ਮੰਗਲਵਾਰ ਨੂੰ ਪੁਲਿਸ ਕੋਲ ਇੱਕ ਅਜ਼ੀਬ ਕਿਸਮ ਦੀ ਦਰਖ਼ਾਤਸ ਦਿੱਤੀ ਹੈ। ਇਨ੍ਹਾਂ ਲੋਕਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਰੁੱਧ ਕੋਰੋਨਾ ਵਾਇਰਸ ਨੂੰ ਫੈਲਾਉਣ ਦੇ ਲਈ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਪੁਲਿਸ ਨੂੰ ਦਿੱਤੀ ਅਰਜ਼ੀ ਵਿੱਚ ਇਨ੍ਹਾਂ ਲੋਕਾਂ ਨੇ ਕਿਹਾ ਕਿ " ਕੋਵਿਡ-19 ਮਹਾਂਮਾਰੀ ਦੇ ਕਾਰਨ ਵਿਸ਼ਵ ਭਰ ਵਿੱਚ ਮੌਤਾਂ ਹੋਈਆਂ ਹਨ। ਕਈ ਲੋਕਾਂ ਨੇ ਆਪਣੀ ਰੋਜ਼ੀ-ਰੋਟੀ ਗੁਆ ਦਿੱਤੀ ਹੈ, ਕਿਉਂਕਿ ਬਿਮਾਰੀ ਦੇ ਫੈਲਣ ਨਾਲ ਆਰਥਿਕਤਾ ਠੱਪ ਹੋ ਚੁੱਕੀ ਹੈ।"
ਇਨ੍ਹਾਂ ਲੋਕਾਂ ਨੇ ਆਪਣੀ ਸ਼ਿਕਾਇਤ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਪਲੀਆ ਕਲਾਂ ਥਾਣੇ ਵਿੱਚ ਦਿੱਤੀ ਹੈ। ਸੰਭਾਵਨਾ ਹੈ ਕਿ ਇਸ ਸ਼ਿਕਾਇਤ 'ਤੇ ਕੇਸ ਦਰਜ ਹੋ ਜਾਵੇ।
ਇਸ ਤੋਂ ਪਹਿਲਾ ਮਾਰਚ ਵਿੱਚ ਮੁਜ਼ਫਰਪੁਰ ਅਦਾਲਤ ਵਿੱਚ ਜਿਨਪਿੰਗ ਅਤੇ ਭਾਰਤ ਵਿੱਚ ਚੀਨ ਦੇ ਰਾਜਦੂਤ ਸਨ ਵੇਡੋਂਗ ਦੇ ਖ਼ਿਲਾਫ਼ ਵੀ ਕੋਰੋਨਾ ਵਾਇਰਸ ਨੂੰ ਫੈਲਾਉਣ ਦੀ ਸਾਜਿਸ਼ ਰਚਣ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਮਾਮਲੇ ਦੀ ਸੁਣਵਾਈ ਮੁੱਖ ਨਿਆਨਕ ਜੱਜ (ਸੀਜੇਐੱਮ) ਦੀ ਅਦਾਲਤ ਵਿੱਚ 11 ਅਪ੍ਰੈਲ ਨੂੰ ਹੋਵੇਗੀ।