ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ’ਚ ਹੋਈਆਂ ਹਿੰਸਕ ਘਟਨਾਵਾਂ ਵਿੱਚ ਕਈ ਲੋਕ ਇਸ ਦੇ ਸ਼ਿਕਾਰ ਹੋਏ ਹਨ। ਉੱਥੇ ਹੀ ਦਿੱਲੀ ਦੇ ਸ਼ਿਵ ਵਿਹਾਰ ਖ਼ੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 40 ਟਨ ਰਾਸ਼ਨ ਪੀੜਤ ਲੋਕਾਂ ਨੂੰ ਵੰਡਿਆ ਗਿਆ।
ਇਸ ਦੌਰਾਨ ਪੀੜਤ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਹੋਈ ਹਿੰਸਾ ਵਿੱਚ ਉਨ੍ਹਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਅੱਗ ਲੱਗਾ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਦੇ ਲੋਕ ਸਾਡੇ ਲਈ ਮਸੀਹਾ ਬਣ ਕੇ ਆਏ ਹਨ ਅਤੇ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।
ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸ ਦੌਰਾਨ ਕਿਹਾ ਕਿ ਅਸੀਂ 84 ਦੇ ਦੰਗੇ ਦੇਖੇ ਹਨ। ਇਸ ਲਈ ਅਸੀਂ ਪੀੜਤ ਲੋਕਾਂ ਦੇ ਦਰਦ ਨੂੰ ਸਮਝਦੇ ਹਾਂ ਅਤੇ ਇਨਸਾਨੀਅਤ ਦੇ ਧਰਮ ਨੂੰ ਸਮਝਦੇ ਹੋਏ ਸਹਾਇਤਾ ਲਈ ਅੱਗੇ ਆਏ ਹਾਂ। ਉਨ੍ਹਾਂ ਨੇ ਕਿਹਾ ਕਿ ਹਿੰਦੂ-ਮੁਸਲਮਾਨ ਵਿੱਚ ਕੋਈ ਫ਼ਰਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੰਗਿਆਂ ਨਾਲ ਕਿਸੇ ਨੂੰ ਫਾਇਦਾ ਨਹੀਂ ਹੋਇਆ ਹੈ।
ਦੱਸਦਈਏ ਕਿ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਹੁਣ ਤੱਕ ਕਰੀਬ 45 ਤੋਂ ਵੱਧ ਵਿਅਕਤੀ ਮਾਰੇ ਗਏ ਹਨ ਤੇ 200 ਦੇ ਲਗਭਗ ਜ਼ਖ਼ਮੀ ਹੋ ਗਏ ਹਨ।