ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਨੂੰ ਘੇਰੀ ਬੈਠੇ ਕਿਸਾਨਾਂ ਦਾ ਅੰਦੋਲਨ ਦਿਨੋ-ਦਿਨ ਭੱਖਦਾ ਜਾ ਰਿਹਾ ਹੈ। ਕਿਸਾਨਾਂ ਨੇ ਬੁਰਾੜੀ ਦੇ ਮੈਦਾਨ 'ਚ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ ਅਤੇ ਟਿਕਰੀ ਅਤੇ ਸਿੰਘੂ ਬਾਰਡਰ ਅਤੇ ਹੋਰ ਦਿੱਲੀ ਦੇ ਬਾਰਡਰਾਂ 'ਤੇ ਡੇਰਾ ਲਾਏ ਹੋਏ ਹਨ। ਇਸ ਨੂੰ ਲੈ ਕੇ ਸਰਕਾਰ ਅਤੇ ਦਿੱਲੀ ਪੁਲਿਸ ਸਖ਼ਤ ਹੁੰਦੀ ਹੋਈ ਵਿਖਾਈ ਦੇ ਰਹੀ ਹੈ।
ਸੂਤਰਾਂ ਅਨੁਸਾਰ, ਸਰਹੱਦਾਂ 'ਤੇ ਦਿੱਲੀ ਪੁਲਿਸ ਤੋਂ ਇਲਾਵਾ 23 ਕੰਪਨੀਆਂ ਪੈਰਾ ਮਿਲਟਰੀ ਦੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਦਿੱਲੀ ਪੁਲਿਸ ਨੇ 2000 ਅੱਥਰੂ ਗੈਸ ਦੇ ਗੋਲ਼ੇ ਮੰਗਵਾਏ ਹਨ। ਹੱਦਾਂ 'ਤੇ ਸਥਿਤੀ ਨਾ ਵਿਗੜੇ ਇਸ ਲਈ ਹਰ ਸਮੇਂ ਉੱਥੇ ਡੀਸੀਪੀ ਅਹੁਦੇ ਦੇ ਅਧਿਕਾਰੀ ਦੀ ਤਾਇਨਾਤੀ ਰਹੇਗੀ। ਵਿਸ਼ੇਸ਼ ਕਮਿਸ਼ਨਰ ਪੱਧਰ ਦੇ ਅਧਿਕਾਰੀ ਪੂਰੇ ਹਾਲਾਤ 'ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ।
ਸੂਤਰਾਂ ਦੇ ਅਨੁਸਾਰ ਇਸ ਨਾਲ ਟਿਕਰੀ ਅਤੇ ਸਿੰਘੂ ਹੱਦ ਦੇ ਆਸ-ਪਾਸ ਰਹਿਣ ਵਾਲੇ ਸਥਾਨਕ ਲੋਕਾਂ ਦੇ ਨਾਲ-ਨਾਲ ਦਿੱਲੀ ਪੁਲਿਸ ਵੀ ਖ਼ਾਸੀ ਪਰੇਸ਼ਾਨ ਹੈ। ਕਿਸਾਨ ਅੰਦੋਲਨ ਕਾਰਨ ਹੁਣ ਦਿੱਲੀ-ਐੱਨਸੀਆਰ 'ਚ ਰਹਿਣ ਵਾਲੇ ਲੋਕਾਂ ਦੇ ਜਨਜੀਵਨ 'ਤੇ ਬੁਰਾ ਅਸਰ ਪੈਣ ਲੱਗਿਆ ਹੈ। ਇਸ ਨਾਲ ਲੋਕਾਂ 'ਚ ਗੁੱਸਾ ਵੀ ਵਧਣ ਲੱਗਿਆ ਹੈ। ਇਨ੍ਹਾਂ ਹਲਾਤ ਨਾਲ ਤੋਂ ਪੈਦਾ ਹੋਣ ਵਾਲੀ ਸਥਿਤੀ ਨੂੰ ਵੇਖਦੇ ਹੋਏ ਦਿੱਲੀ ਪੁਲਿਸ ਨੇ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਸਾਰੀਆਂ ਹੱਦਾਂ 'ਤੇ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਹੈ।
ਸਕੱਤਰੇਤ ਸੂਤਰਾਂ ਦੀ ਮੰਨੀਏ ਤਾਂ ਸਖ਼ਤ ਕਾਰਵਾਈ ਲਈ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਦਿੱਲੀ ਦੇ ਕਾਨੂੰਨ ਪ੍ਰਬੰਧ ਨੂੰ ਕਿਸੇ ਹਾਲਤ 'ਚ ਵਿਗੜਨ ਨਹੀਂ ਦਿੱਤਾ ਜਾਵੇਗਾ। ਵਾਰ-ਵਾਰ ਪੁਲਿਸ ਦੇ ਆਹਲਾ ਅਧਿਕਾਰੀ ਕਿਸਾਨ ਆਗੂਆਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਬੁਰਾੜੀ ਸਥਿਤੀ ਨਿਰੰਕਾਰੀ ਮੈਦਾਨ 'ਚ ਆਉਣ ਦੀ ਅਪੀਲ ਕਰ ਰਹੇ ਹਨ ਪਰ ਕੋਈ ਮੰਨਣ ਨੂੰ ਤਿਆਰ ਨਹੀਂ ਹੈ। ਬੁਰਾੜੀ 'ਚ ਕਿਸਾਨਾਂ ਦੇ ਰਹਿਣ ਲਈ ਵੱਡੇ ਇੰਤਜ਼ਾਮ ਕੀਤੇ ਗਏ ਹਨ ਪਰ ਕਿਸਾਨ ਉੱਥੇ ਜਾਣ ਨੂੰ ਤਿਆਰ ਨਹੀਂ ਹਨ। ਜੋ ਕਿਸਾਨ ਉੱਥੇ ਪਹੁੰਚੇ ਹਨ, ਉਹ ਆਪਣੇ-ਆਪਣੇ ਟਰੈਕਟਰ-ਟਰਾਲੀਆਂ 'ਚ ਹੀ ਰਹਿ ਰਹੇ ਹਨ। ਕਿਸੇ ਦੇ ਟੈਂਟ 'ਚ ਕਿਸਾਨ ਨਹੀਂ ਜਾ ਰਹੇ।
ਕਿਸਾਨਾਂ ਦੀ ਭੀੜ ਨੂੰ ਵੇਖਦੇ ਹੋਏ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ। ਕਿਉਂਕਿ ਭੀੜ ਦੀ ਆੜ 'ਚ ਕੋਈ ਸ਼ਰਾਰਤੀ ਅਨਸਰ ਆਪਣੇ ਨਾਪਾਕ ਇਰਾਦੇ ਨੂੰ ਅੰਜਾਮ ਨਾ ਦੇ ਬੈਠੇ।