ਨਵੀਂ ਦਿੱਲੀ: ਦਿੱਲੀ ਦੇ ਮੁਖਰਜੀ ਨਗਰ ਇਲਾਕੇ 'ਚ ਸਿੱਖ ਆਟੋ ਡਰਾਈਵਰ ਅਤੇ ਉਸ ਦੇ ਬੇਟੇ ਨਾਲ ਹੋਈ ਮਾਰ-ਕੁੱਟ ਦੇ ਮਾਮਲੇ 'ਚ ਪੁਲਿਸ ਨੇ ਵੱਡੀ ਕਾਰੀਵਾਈ ਕੀਤੀ ਹੈ। ਦਿੱਲੀ ਪੁਲਿਸ ਨੇ ਇਸ ਕੁੱਟ-ਮਾਰ 'ਚ ਸ਼ਾਮਿਲ ਦੋ ਪੁਲਿਸ ਕਰਮਚਾਰੀਆਂ ਪੁਸ਼ਪਿੰਦਰ ਸ਼ੇਖਾਵਤ ਅਤੇ ਸੱਤਿਆ ਪ੍ਰਕਾਸ਼ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਦੋਵੇਂ ਪੁਲਿਸ ਕਰਮਚਾਰੀ ਸਸਪੈਂਡ ਸਨ। ਇਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਬੁੱਧਵਾਰ ਨੂੰ ਆਦੇਸ਼ ਜਾਰੀ ਕੀਤੇ ਗਏ ਹਨ।
ਆਟੋ ਚਾਲਕ ਕੁੱਟ-ਮਾਰ ਮਾਮਲੇ 'ਚ ਦਿੱਲੀ ਪੁਲਿਸ ਨੇ ਦਰਜ ਕੀਤੀ ਕਰਾਸ FIR
ਜਾਣਕਾਰੀ ਮੁਤਾਬਕ ਬੀਤੇ ਜੂਨ ਮਹੀਨੇ 'ਚ ਮੁਖਰਜੀ ਨਗਰ ਇਲਾਕੇ 'ਚ ਪੁਲਿਸ ਕਰਮਚਾਰੀਆਂ ਦਾ ਆਟੋ ਡਰਾਈਵਰ ਸਰਬਜੀਤ ਸਿੰਘ ਨਾਲ ਵਿਵਾਦ ਹੋਇਆ ਸੀ। ਇਸ ਵਿਵਾਦ 'ਚ ਸਰਬਜੀਤ ਸਿੰਘ ਵੱਲੋਂ ਪੁਲਿਸ ਨੂੰ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਕਰਮਚਾਰੀਆਂ ਨੇ ਸਰਬਜੀਤ ਸਿੰਘ ਨਾਲ ਕੁੱਟ-ਮਾਰ ਕੀਤੀ। ਇਸ ਮਾਮਲੇ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ ਸੀ ਅਤੇ ਸਿੱਖ ਸੰਗਠਨਾਂ ਨੇ ਕਈ ਦਿਨਾਂ ਤੱਕ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ।
ਵੀਡੀਓ ਦੇਖ ਕੇ ਹੋਈ ਕਾਰਵਾਈ
ਪੁਲਿਸ ਨੇ ਕਾਰਵਾਈ ਘਟਨਾ ਦੀ ਵੀਡੀਓ ਦੇਖ ਕੇ ਕੀਤੀ ਹੈ। ਦੋਵੇਂ ਕਰਮਚਾਰੀ 16 ਜੂਨ ਤੋਂ ਸਸਪੈਂਡ ਚੱਲ ਰਹੇ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਜਦੋਂ ਸਰਬਜੀਤ ਸਿੰਘ ਸੜਕ 'ਤੇ ਡਿੱਗ ਗਿਆ ਸੀ ਤਾਂ ਉਸ ਸਮੇਂ ਸਿਪਾਹੀ ਪੁਸ਼ਪਿੰਦਰ ਅਤੇ ਸੱਤਿਆ ਪ੍ਰਕਾਸ਼ ਉਸ ਦੇ ਸਿਰ ਅਤੇ ਉੱਪਰੀ ਹਿੱਸੇ 'ਤੇ ਵਾਰ ਕੀਤੇ ਸਨ।