ਨਵੀਂ ਦਿੱਲੀ: ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਸ਼ੁੱਕਰਵਾਰ ਨੂੰ ਕੌਮੀ ਰਾਜਧਾਨੀ ਵਿੱਚ ਕੋਵਿਡ-19 ਦੇ ਪ੍ਰਕੋਪ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਤਰੀਕਿਆਂ ਦਾ ਸੁਝਾਅ ਦੇਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ।
ਕਮੇਟੀ ਵਿੱਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ, ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ, ਦਿੱਲੀ ਸਰਕਾਰ ਸਿਹਤ ਸੇਵਾ ਦੇ ਐਡੀਸ਼ਨਲ ਡਾਈਰੈਕਟਰ ਜਨਰਲ ਡਾ. ਰਵਿੰਦਰਨ ਅਤੇ ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਦੇ ਡਾਇਰੈਕਟਰ ਡਾ. ਸੁਰਜੀਤ ਕੁਮਾਰ ਸਿੰਘ ਸ਼ਾਮਲ ਹਨ।
ਇਸ ਵਿੱਚ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਦੇ ਦੋ ਮੈਂਬਰਾਂ ਕ੍ਰਿਸ਼ਨਾ ਵਤਸਾ ਅਤੇ ਕਮਲ ਕਿਸ਼ੋਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਮਾਹਰ ਕਮੇਟੀ ਕੋਵਿਡ-19 ਦੇ ਫੈਲਣ ਦੀ ਰੋਕਥਾਮ ਅਤੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਵਧਾਉਣ ਦੇ ਉਪਾਵਾਂ ਲਈ ਦਿੱਲੀ ਵਿੱਚ ਦਰਪੇਸ਼ ਵੱਖ-ਵੱਖ ਚੁਣੌਤੀਆਂ 'ਤੇ ਰਾਏ ਦੇਵੇਗੀ।
ਐਲਜੀ ਵੱਲੋਂ ਇਹ ਫ਼ੈਸਲਾ ਉਦੋਂ ਲਿਆ ਗਿਆ ਹੈ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਜੁਲਾਈ ਦੇ ਅੰਤ ਤੱਕ ਦਿੱਲੀ ਕੇਸਾਂ ਦੀ ਗਿਣਤੀ ਵੱਧ ਕੇ 5 ਲੱਖ ਪਹੁੰਚ ਸਕਦੀ ਹੈ।
ਦੱਸਣਯੋਗ ਹੈ ਕਿ ਦਿੱਲੀ ਵਿੱਚ ਕੋਰੋਨਾ ਦੇ ਕੁੱਲ 34,687 ਮਾਮਲੇ ਹਨ ਅਤੇ 1,085 ਮੌਤਾਂ ਹੋਈਆਂ ਹਨ। ਮਹਾਰਾਸ਼ਟਰ ਅਤੇ ਤਾਮਿਲਨਾਡੂ ਤੋਂ ਬਾਅਦ ਦੇਸ਼ ਵਿੱਚ ਸ਼ਭ ਤੋਂ ਜ਼ਿਆਦਾ ਮਾਮਲੇ ਦਿੱਲੀ ਵਿੱਚ ਹਨ।