ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਬੁੱਧਵਾਰ ਨੂੰ ਕੌਮੀ ਰਾਜਧਾਨੀ ਦੇ ਕੇਂਦਰਾਂ ਵਿੱਚ ਲੋੜੀਂਦਾ ਕੁਆਰੰਟੀਨ ਪੂਰਾ ਕਰ ਚੁੱਕੇ 4000 ਤਬਲੀਗੀ ਜਮਾਤੀਆਂ ਦੀ ਰਿਹਾਈ ਦੇ ਆਦੇਸ਼ ਦਿੱਤੇ ਹਨ।
ਦਿੱਲੀ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਰਕਜ਼ ਕਾਂਡ ਦੀ ਜਾਂਚ ਵਿੱਚ ਨਾਮਜ਼ਦ ਕੀਤੇ ਜਮਾਤੀਆਂ ਨੂੰ ਦਿੱਲੀ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ।
ਉਨ੍ਹਾਂ ਕਿਹਾ, “ਬਾਕੀ ਸਾਰਿਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਵਾਪਸ ਭੇਜਣ ਦੀ ਜ਼ਰੂਰਤ ਹੈ। ਇਸ ਦੇ ਲਈ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਰਾਜਾਂ ਦੇ ਕਮਿਸ਼ਨਰਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।”
ਦਿੱਲੀ ਸਰਕਾਰ ਮੁਤਾਬਕ ਦਿੱਲੀ ਕੋਲ ਇਸ ਸਮੇਂ ਕੌਮੀ ਰਾਜਧਾਨੀ ਦੇ ਕੁਆਰੰਟੀਨ ਸੈਂਟਰਾਂ ਵਿੱਚ ਤਕਰੀਬਨ 4,000 ਤਬਲੀਗੀ ਮੈਂਬਰ ਹਨ। ਲਗਭਗ 900 ਦਿੱਲੀ ਨਾਲ ਸਬੰਧਤ ਹਨ ਜਦਕਿ ਬਾਕੀ ਦੂਜੇ ਰਾਜਾਂ ਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਤਾਮਿਲਨਾਡੂ ਅਤੇ ਤੇਲੰਗਾਨਾ ਦੇ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਜਮਾਤੀਆਂ ਦੀ ਵਾਪਸੀ ਲਈ ਆਵਾਜਾਈ ਦੇ ਪ੍ਰਬੰਧ ਕਰਨ ਲਈ ਪਹਿਲਾਂ ਹੀ ਹੋਰ ਰਾਜ ਸਰਕਾਰਾਂ ਦੇ ਸੰਪਰਕ ਵਿੱਚ ਹੈ।
ਦੱਸਣਯੋਗ ਹੈ ਕਿ ਨਿਜ਼ਾਮੂਦੀਨ ਮਰਕਜ਼ 'ਚ ਧਾਰਮਿਕ ਸਭਾ ਲਈ ਇਕੱਠੇ ਹੋਏ ਹਜ਼ਾਰਾਂ ਤਬਲੀਗੀ ਜਮਾਤ ਦੇ ਮੈਂਬਰਾਂ ਨੂੰ ਇੱਥੋਂ ਬਾਹਰ ਕੱਢਿਆ ਗਿਆ ਸੀ। ਜਮਾਤੀਆਂ ਦੇ ਵੱਡੀ ਗਿਣਤੀ ਵਿੱਚ ਕੋਰੋਨਾ ਪੌਜ਼ੀਟਿਵ ਪਾਏ ਜਾਣ 'ਤੇ ਇਲਾਕੇ ਨੂੰ ਹੌਟਸਪੌਟ ਐਲਾਨਿਆ ਗਿਆ ਸੀ।