ਨਵੀਂ ਦਿੱਲੀ: ਲਗਾਤਾਰ ਵੱਧ ਰਹੇ ਪ੍ਰਦੂਸ਼ਣ ਤੋਂ ਰਾਜਧਾਨੀ ਦਿੱਲੀ ਦੇ ਵਾਸੀਆਂ ਨੂੰ ਰਾਹਤ ਮਿਲੀ ਹੈ, ਮੰਗਲਵਾਰ ਨੂੰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 228 ਦਰਜ ਕੀਤਾ ਗਿਆ, ਜੋ ਕਿ ਪਿਛਲੇ ਦਿਨਾਂ ਤੋਂ ਚਲੀ ਆ ਰਹੀ ਖ਼ਰਾਬ ਸ਼੍ਰੇਣੀ ਤੋਂ ਬਿਹਤਰ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਪਿਛਲੇ ਦਿਨਾਂ ’ਚ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ ’ਚ ਪਏ ਤੇਜ਼ ਮੀਂਹ ਤੇ ਪੂਰਬ ਵੱਲੋਂ ਵਹਿ ਰਹੀਆਂ ਹਵਾਵਾਂ ਦੇ ਕਾਰਣ ਦਿੱਲੀ ਦੇ ਵਾਤਾਵਰਣ ’ਚ ਸੁਧਾਰ ਹੋਇਆ ਹੈ
ਕੀ ਕਹਿੰਦੇ ਨੇ ਅੰਕੜੇ?
ਅੰਕੜਿਆਂ ਅਨੁਸਾਰ ਲੰਘੇ ਮੰਗਲਵਾਰ ਸਵੇਰੇ 9 ਵਜੇ ਰਾਜਧਾਨੀ ਦਿੱਲੀ ਦੇ ਪੌਸ਼ ਏਰਿਆ ’ਚ ਹਵਾ ਦੀ ਗੁਣਵੱਤਾ ਦਾ ਇੰਡੈਕਸ 218 ਦਰਜ ਕੀਤਾ ਗਿਆ ਹੈ। ਜਦਕਿ ਚਿੱਤਰ ਲੋਧੀ ਰੋਡ 'ਤੇ 242 ਤੇ ਇਸੇ ਤਰ੍ਹਾਂ, ਦਿੱਲੀ ਯੂਨੀਵਰਸਿਟੀ ਵਿਖੇ 225, ਹਵਾਈ ਅੱਡੇ 'ਤੇ 218, ਮਥੁਰਾ ਰੋਡ' ਤੇ 200, ਆਯਾ ਨਗਰ 'ਚ 269, ਅਤੇ ਆਈਟੀ ਦਿੱਲੀ 'ਤੇ 239 ਦਰਜ ਕੀਤਾ ਗਿਆ। ਖ਼ਾਸ ਗੱਲ ਇਹ ਕਿ ਨੋਇਡਾ ਅਤੇ ਗੁਰੂਗ੍ਰਾਮ 'ਚ ਵੀ ਇਹ ਅੰਕੜਾ ਕ੍ਰਮਵਾਰ 290 ਅਤੇ 176 ਰਿਹਾ, ਜੋ ਪਿਛਲੇ ਦਿਨਾਂ ਨਾਲੋਂ ਕਿਤੇ ਬਿਹਤਰ ਹੈ।
ਕਿਸ ਤਰ੍ਹਾਂ ਮਿਲੀ ਰਾਹਤ
ਸਕਾਈਮੇਟ ਕੇਂਦਰ ਦੇ ਮੁੱਖ ਵਿਗਿਆਨਿਕ ਮਹੇਸ਼ ਪਲਾਵਤ ਨੇ ਦੱਸਿਆ ਕਿ ਪੰਜਾਬ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਉੱਤਰ ਭਾਰਤ ਦੇ ਹੋਰ ਰਾਜਾਂ ’ਚ ਵੀ ਦੀਵਾਲੀ ਵਾਲੇ ਦਿਨ ਪਏ ਮੀਂਹ ਕਾਰਣ ਹੁਣ ਪ੍ਰਦੂਸ਼ਣ ਦੇ ਪੱਧਰ ’ਚ ਸੁਧਾਰ ਹੋਇਆ। ਉਨ੍ਹਾਂ ਨੇ ਦੱਸਿਆ ਕਿ ਮੀਂਹ ਉਪਰੰਤ ਇਨ੍ਹਾਂ ਖੇਤਰਾਂ ’ਚ ਪੂਰਬ ਦਿਸ਼ਾ ਵੱਲੋਂ ਹਵਾਵਾਂ ਚੱਲ ਰਹੀਆਂ ਹਨ ਜੋ ਕਿ ਪਰਾਲੀ ਦੇ ਧੂੰਏ ਨੂੰ ਉਲਟ ਦਿਸ਼ਾ ਵੱਲ ਲੈ ਰਹੀਆਂ ਹਨ।
ਮੌਸਮ ਦਾ ਵੀ ਰਿਹਾ ਯੋਗਦਾਨ
ਉੱਧਰ ਪੂਰਬ ਵੱਲੋਂ ਚੱਲਣ ਵਾਲੀਆਂ ਹਵਾਵਾਂ ਦੇ ਚੱਲਦਿਆ ਦਿੱਲੀ ’ਚ ਠੰਡ ਵੀ ਵੱਧ ਗਈ ਹੈ, ਇਹ ਵੀ ਪ੍ਰਦੂਸ਼ਣ ਦੇ ਘੱਟਣ ਦਾ ਕਾਰਣ ਮੰਨਿਆ ਜਾ ਰਿਹਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅੱਜ ਦਿੱਲੀ ਦਾ ਵੱਧ ਤੋਂ ਵੱਧ ਅਤੇ ਨਿਊਨਤਮ ਤਾਪਮਾਨ ਕ੍ਰਮਵਾਰ 27 ਅਤੇ 13 ਡਿਗਰੀ ਦੇ ਨੇੜੇ ਤੇੜੇ ਬਣਿਆ ਰਹਿ ਸਕਦਾ ਹੈ, ਪਰ ਮੀਂਹ ਪੈਣ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ।