ਨਵੀਂ ਦਿੱਲੀ : ਸੁਰੱਖਿਆ ਮਾਮਲੇ 'ਤੇ ਕੈਬਨਿਟ ਕਮੇਟੀ ਆਨ ਸਿਕਿਊਰਟੀ (ਸੀਸੀਐਸ) ਨੇ ਘਰੇਲੂ ਰੱਖਿਆ ਖ਼ਰੀਦ ਦੇ ਤਹਿਤ ਕਰੀਬ 48 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 83 ਤੇਜਸ ਜਹਾਜ਼ ਖਰੀਦਣ ਲਈ ਮੰਜੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਂਝੀ ਕੀਤੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਟਵੀਟ
ਰਾਜਨਾਥ ਸਿੰਘ ਨੇ ਟਵੀਟ ਕਰ ਦੱਸਿਆ, " ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਕਮੇਟੀ ਆਨ ਸਿਕਿਊਰਟੀ (ਸੀਸੀਐਸ) ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ। ਇਹ ਸੌਦਾ ਭਾਰਤੀ ਰੱਖਿਆ ਨਿਰਮਾਣ 'ਚ ਆਤਮ-ਨਿਰਭਰਤਾ ਲਈ ਗੇਮ ਚੇਂਜਰ ਸਾਬਿਤ ਹੋਵੇਗਾ। "
ਉਨ੍ਹਾਂ ਕਿਹਾ ਕਿ ਐਲਸੀਏ ਤੇਜਸ ਨਾਲ ਸਬੰਧਤ ਇਸ ਖਰੀਦ ਦੀ ਘਰੇਲੂ ਤੌਰ 'ਤੇ ਤਿਆਰ ਕੀਤੀ ਜਾਣ ਵਾਲੀ ਲਾਗਤ ਲਗਭਗ 48000 ਕਰੋੜ ਰੁਪਏ ਹੋਵੇਗੀ।
ਰੱਖਿਆ ਮੰਤਰਾਲੇ ਦੇ ਬਿਆਨ ਮੁਤਾਬਕ ਕੈਬਨਿਟ ਨੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚਏਐਲ) ਤੋਂ ਭਾਰਤੀ ਹਵਾਈ ਫੌਜ ਲਈ 83 ਤੇਜਸ ਜਹਾਜ਼ਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਦੇ ਤਹਿਤ, 73 ਹਲਕੇ ਲੜਾਕੂ ਜਹਾਜ਼ ਤੇਜਸ ਐਮਕੇ -1 ਏ ਅਤੇ 10 ਤੇਜਸ ਐਮਕੇ -1 ਸਿਖਲਾਈ ਜਹਾਜ਼ ਸ਼ਾਮਲ ਕੀਤੇ ਗਏ ਹਨ।
ਹਲਕੇ ਲੜਾਕੂ ਜਹਾਜ਼ ਐਮ.ਕੇ.-1 ਏ ਨੂੰ ਸਵਦੇਸ਼ੀ ਤੌਰ 'ਤੇ ਡਿਜ਼ਾਇਨ ਕੀਤਾ ਗਿਆ ਹੈ ਤੇ ਵਿਕਸਤ ਕੀਤਾ ਗਿਆ ਹੈ।ਇਹ ਚੌਥੀ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਨਾਲ ਜੁੜੇ ਆਧੁਨਿਕ ਉਪਕਰਣਾਂ ਨਾਲ ਲੈਸ ਹੈ।