ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਦੇਸ਼ ਵਿੱਚ ਐਨਸੀਸੀ ਕੈਡੇਟਸ ਦੀ ਆਨਲਾਈਨ ਸਿਖਲਾਈ ਵਿੱਚ ਸਹਾਇਤਾ ਲਈ ਇੱਕ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ।
ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਕੋਵਿਡ-19 ਕਾਰਨ ਲਗਾਈਆਂ ਪਾਬੰਦੀਆਂ ਦੇ ਮੱਦੇਨਜ਼ਰ, ਐਨਸੀਸੀ (ਨੈਸ਼ਨਲ ਕੈਡੇਟ ਕੌਰਪਸ) ਕੈਡੇਟਸ ਦੀ ਸਿਖਲਾਈ ਉੱਤੇ ਬੁਰਾ ਪ੍ਰਭਾਵ ਪਿਆ ਹੈ, ਕਿਉਂਕਿ ਇਹ ਜ਼ਿਆਦਾਤਰ ਸੰਪਰਕ ਅਧਾਰਤ ਸਿਖਲਾਈ ਹੈ।" ਕਿਉਂਕਿ ਭਵਿੱਖ ਵਿੱਚ ਸਕੂਲ ਅਤੇ ਕਾਲਜ ਖੁੱਲ੍ਹਣ ਦੀ ਸੰਭਾਵਨਾ ਨਹੀਂ ਹੈ, ਇਸ ਲਈ ਇਹ ਮਹਿਸੂਸ ਕੀਤਾ ਗਿਆ ਕਿ ਐਨਸੀਸੀ ਕੈਡੇਟਸ ਨੂੰ ਡਿਜੀਟਲ ਮਾਧਿਅਮ ਦੀ ਵਰਤੋਂ ਕਰਦਿਆਂ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ 'ਡੀਜੀਐਨਸੀਸੀ' ਨਾਮਕ ਮੋਬਾਈਲ ਐਪ ਦਾ ਉਦੇਸ਼ ਐਨਸੀਸੀ ਕੈਡਟਸ ਨੂੰ ਇੱਕ ਪਲੇਟਫਾਰਮ 'ਤੇ ਸਿਲੇਬਸ, ਸਿਖਲਾਈ ਦੀਆਂ ਵਿਡੀਓਜ਼ ਅਤੇ ਅਕਸਰ ਪੁੱਛੇ ਜਾਂਦੇ ਪ੍ਰਸ਼ਨ ਸਮੇਤ ਸਾਰੀ ਸਿਖਲਾਈ ਸਮੱਗਰੀ ਪ੍ਰਦਾਨ ਕਰਨਾ ਹੈ।
ਇਸ ਵਿੱਚ ਕਿਹਾ ਗਿਆ ਹੈ, "ਐਪ ਵਿੱਚ ਇੱਕ ਪੁੱਛਗਿੱਛ ਵਿਕਲਪ ਨੂੰ ਸ਼ਾਮਲ ਕਰਕੇ ਇੰਟਰਐਕਟਿਵ ਬਣਾਇਆ ਗਿਆ ਹੈ। ਇਸ ਵਿਕਲਪ ਦੀ ਵਰਤੋਂ ਕਰਦਿਆਂ ਇੱਕ ਕੈਡੇਟ ਸਿਖਲਾਈ ਸਿਲੇਬਸ ਨਾਲ ਜੁੜੇ ਪ੍ਰਸ਼ਨ ਪੋਸਟ ਕਰ ਸਕਦਾ ਹੈ ਅਤੇ ਇਸਦਾ ਉੱਤਰ ਯੋਗ ਅਧਿਆਪਕਾਂ ਦੇ ਇੱਕ ਪੈਨਲ ਦੁਆਰਾ ਦਿੱਤਾ ਜਾਵੇਗਾ।"
ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਰੱਖਿਆ ਸਕੱਤਰ ਅਜੇ ਕੁਮਾਰ, ਡਾਇਰੈਕਟਰ ਜਨਰਲ ਐਨਸੀਸੀ ਲੈਫਟੀਨੈਂਟ ਜਨਰਲ ਰਾਜੀਵ ਚੋਪੜਾ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਸਿਵਲ ਅਤੇ ਮਿਲਟਰੀ ਅਧਿਕਾਰੀ ਹਾਜ਼ਰ ਸਨ। ਲਾਂਚ ਤੋਂ ਬਾਅਦ ਰਾਜਨਾਥ ਸਿੰਘ ਨੇ ਟਵਿੱਟਰ 'ਤੇ ਕਿਹਾ ਕਿ ਇਹ ਐਪ ਐਨਸੀਸੀ ਕੈਡੇਟਸ ਲਈ ਡਿਜੀਟਲ ਸਿਖਲਾਈ ਵਿੱਚ ਲਾਭਦਾਇਕ ਹੋਵੇਗੀ ਅਤੇ ਕੋਵਿਡ-19 ਦੇ ਮੱਦੇਨਜ਼ਰ ਸਮਾਜਿਕ ਦੂਰੀ ਬਰਕਰਾਰ ਰੱਖਣ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਨੂੰ ਦੂਰ ਕਰੇਗੀ।