ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਵੱਖ-ਵੱਖ ਰਾਜ ਆਪਣੀਆਂ ਝਾਕੀਆਂ ਲੈ ਕੇ ਰਾਜਪਥ ਉੱਤੇ ਆਉਂਦੇ ਹਨ। ਇਸ ਵਾਰ ਪੰਜਾਬ ਦੀ ਝਾਕੀ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਗਣਤੰਤਰ ਦਿਵਸ ਮੌਕੇ ਰਾਜਪਥ ਉੱਤੇ 32 ਝਾਕੀਆਂ ਹੋਣਗੀਆਂ, ਜੋ ਹੁਣ ਤੱਕ ਸਭ ਤੋਂ ਵੱਧ ਹਨ। 17 ਝਾਕੀਆਂ ਰਾਜਾਂ ਦੀਆਂ ਅਤੇ ਬਾਕੀ ਵੱਖ-ਵੱਖ ਮੰਤਰਾਲੇ ਅਤੇ ਵਿਭਾਗ ਨਾਲ ਸਬੰਧਤ ਹੋਣਗੀਆਂ।
ਪੰਜਾਬ ਦੀ ਝਾਕੀ ਬਾਰੇ ਜਾਣਕਾਰੀ ਦਿੰਦੇ ਪੰਜਾਬ ਸਰਕਾਰ ਦੇ ਇਨਫੋਰਮੇਸ਼ਨ ਅਤੇ ਪਬਲਿਕ ਰਿਲੇਸ਼ਨ ਵਿਭਾਗ ਦੇ ਜੁਆਇੰਟ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਝਾਕੀ ਬਣਾਈ ਗਈ ਹੈ। ਇਸ ਝਾਕੀ ਦੇ ਤਿੰਨ ਹਿੱਸੇ ਹਨ, ਜਿਸ ਵਿੱਚ ਪ੍ਰਭਾਤ ਫੇਰੀ, ਪਾਲਕੀ ਸਾਹਿਬ ਅਤੇ ਦਿੱਲੀ ਦੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਨੂੰ ਵਿਖਾਇਆ ਗਿਆ ਹੈ।
ਰਣਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ ਭਰ ਚੱਲਣ ਵਾਲੇ ਸਮਾਰੋਹਾਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਅਤੇ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਕਈ ਪ੍ਰੋਗਰਾਮ ਹੋ ਰਹੇ ਹਨ। ਕੋਵਿਡ ਕਾਰਨ ਇਸ ਵਾਰ ਕੁੱਝ ਬੈਠਕਾਂ ਵਿੱਚ ਦੇਰ ਹੋਈ ਹੈ ਪਰ ਝਾਕੀ ਰਾਜਪਥ 'ਤੇ ਜ਼ਰੂਰ ਨਜ਼ਰ ਆਵੇਗੀ।
ਜ਼ਿਕਰਯੋਗ ਹੈ ਕਿ ਸ਼ਤਾਬਦੀ ਸਮਾਰੋਹ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਵੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ।