ਨਵੀਂ ਦਿੱਲੀ: ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਉਨਾਓ ਬਲਾਤਕਾਰ ਮਾਮਲੇ ‘ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ। ਅਦਾਲਤ ਹੁਣ 16 ਦਸੰਬਰ ਨੂੰ ਆਪਣਾ ਫ਼ੈਸਲਾ ਦੇਵੇਗੀ ਕਿ ਕੀ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਸਜ਼ਾ ਮਿਲੇਗੀ ਜਾਂ ਨਹੀਂ।
ਉਨਾਓ ਬਲਾਤਕਾਰ ਕੇਸ ਵਿੱਚ ਮੁਲਜ਼ਮ ਵਿਧਾਇਕ ਕੁਲਦੀਪ ਸਿੰਘ ਸੇਂਗਰ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਦੱਸਣਯੋਗ ਹੈ ਕਿ ਬਰਖਾਸਤ ਕੀਤੇ ਗਏ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਉੱਤੇ ਸਾਲ 2017 ਵਿੱਚ ਇੱਕ ਨਾਬਾਲਗ਼ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਇਸ ਕੇਸ ਦੇ ਸਬੰਧ ਵਿੱਚ 28 ਜੁਲਾਈ ਨੂੰ, ਪੀੜਤ ਲੜਕੀ, ਉਸ ਦੇ ਵਕੀਲ ਅਤੇ ਪਰਿਵਾਰ ਦੇ ਹੋਰ ਮੈਂਬਰ ਰਾਏਬਰੇਲੀ ਜਾ ਰਹੇ ਸਨ। ਫਿਰ ਉਸ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਵਿੱਚ ਪੀੜਤ ਲੜਕੀ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ। ਪੀੜਤ ਲੜਕੀ ਅਤੇ ਉਸ ਦਾ ਵਕੀਲ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੀੜਤ ਲੜਕੀ ਅਤੇ ਉਸ ਦੇ ਵਕੀਲ ਨੂੰ ਏਮਜ਼ ਲਿਆਂਦਾ ਗਿਆ। ਪੀੜਤ ਨੇ ਸੀਬੀਆਈ ਸਾਹਮਣੇ ਹਾਦਸੇ ਪਿੱਛੇ ਸੇਂਗਰ ਦਾ ਹੱਥ ਦੱਸਿਆ ਸੀ।
ਸੇਂਗਰ ਦੇ ਸਾਥੀਆਂ ਨੇ ਉਸ ਦੇ ਪਿਤਾ 'ਤੇ ਕਥਿਤ ਤੌਰ 'ਤੇ ਤਸ਼ੱਦਦ ਕੀਤਾ ਅਤੇ 3 ਅਪ੍ਰੈਲ, 2018 ਨੂੰ ਉਸ ਨੂੰ ਗ਼ੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿਚ ਫਸਾਇਆ। 9 ਅਪ੍ਰੈਲ, 2018 ਨੂੰ ਨਿਆਇਕ ਹਿਰਾਸਤ ਵਿੱਚ ਉਸ ਦੀ ਮੌਤ ਹੋ ਗਈ।