ਚੰਬਾ: ਪਹਾੜਾਂ 'ਤੇ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਪ੍ਰਘਾਲਾ ਨਾਲ਼ੇ 'ਤੇ ਬਣੀ ਹੋਈ ਪੁਲ੍ਹੀ ਰੁੜ੍ਹ ਗਈ ਹੈ। ਉਫਾਨ 'ਤੇ ਵੱਗ ਰਹੇ ਨਾਲ਼ੇ ਨੇ ਪੁਲ੍ਹੀ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ। ਇਸ ਕਾਰਨ ਇੱਥੇ ਮਣੀਮਹੇਸ਼ ਦੀ ਯਾਤਰਾ ਲਈ ਆਵਾਜਾਈ ਠੱਪ ਹੋ ਗਈ ਹੈ।

ਇਸ ਨਾਲ਼ੇ ਨੂੰ ਪਾਰ ਕਰਨ ਦੇ ਲਈ ਕੋਈ ਹੋਰ ਰਸਤਾ ਨਾ ਹੋਣ ਕਾਰਨ ਇਥੇ ਮਣੀਮਹੇਸ਼ ਦੀ ਯਾਤਰਾ ਲਈ ਆਏ ਕਈ ਸ਼ਰਧਾਲੂ ਫਸ ਗਏ ਹਨ। ਫਿਲਹਾਲ ਲੋਕ ਨਿਰਮਾਣ ਵਿਭਾਗ ਨੇ ਸੜਕ ਬਹਾਲ ਕਰਨ ਲਈ ਮੁੜ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ।
ਇਸ ਬਾਰੇ ਭਰਮੌਰ ਦੇ ਏਡੀਐਮ ਪੀਪੀ ਸਿੰਘ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਲੋਕ ਨਿਰਮਾਣ ਵਿਭਾਗ ਨੂੰ ਮੁੜ ਤੋਂ ਰਸਤੇ ਦੀ ਉਸਾਰੀ ਅਤੇ ਬਹਾਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਮੌਜ਼ੂਦਾ ਸਥਿਤੀ ਨੂੰ ਵੇਖਦੇ ਹੋਏ ਪ੍ਰਘਾਲਾ ਨਾਲੇ ਤੋਂ ਸ਼ਰਧਾਲੂਆਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ।