ਨਵੀਂ ਦਿੱਲੀ: ਇਸ ਵੇਲੇ ਪੂਰੀ ਦੁਨੀਆ ਲਈ ਸਭ ਤੋਂ ਵੱਡੀ ਦਿੱਕਤ ਬਣੇ ਹੋਏ ਕੋਰੋਨਾ ਵਾਇਰਸ ਦੀ ਪਹਿਲੀ ਮਰੀਜ਼ (ਗੁਇਜ਼ਿਆਨ) ਨੇ ਖ਼ੁਲਾਸਾ ਕੀਤਾ ਹੈ ਕਿ ਜੇ ਚੀਨ ਨੇ ਵੇਲੇ ਸਿਰ ਕਾਬੂ ਕੀਤਾ ਹੁੰਦਾ ਤਾਂ ਹਾਲਾਤ ਐਨੇ ਦੁੱਬਰ ਨਾ ਹੁੰਦੇ ਅਤੇ ਬਿਮਾਰੀ ਨੂੰ ਫ਼ੈਲਣ ਤੋਂ ਰੋਕਿਆ ਜਾ ਸਕਦਾ ਸੀ।
ਜਿਸ ਔਰਤ ਵਿੱਚ ਪਹਿਲੀ ਵਾਰ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸੀ ਉਹ ਔਰਤ ਵੁਹਾਨ ਸ਼ਹਿਰ ਵਿੱਚ ਝੀਂਗੇ ਵੇਚ ਰਹੀ ਸੀ। ਉਸ ਨੂੰ 10 ਦਸੰਬਰ ਨੂੰ ਹਲਕੇ ਬੁਖ਼ਾਰ ਦੀ ਸ਼ਿਕਾਇਤ ਆਈ ਜਿਸ ਤੋਂ ਬਾਅਦ ਵੀ ਉਸ ਦੀ ਸਿਹਤ ਵਿੱਚ ਕੋਈ ਸੁਧਾਰ ਨਾ ਹੋਇਆ। ਸਿਹਤ 'ਚ ਕੋਈ ਸੁਧਾਰ ਨਾ ਹੋਣ ਕਾਰਨ ਗੁਇਜ਼ਿਆਨ 16 ਦਸੰਬਰ ਨੂੰ ਉਸ ਖੇਤਰ ਦੇ ਸਭ ਤੋਂ ਵੱਡੇ ਡਾਕਟਰੀ ਸਹੂਲਤਾਂ ਵਾਲੇ ਵੁਹਾਨ ਯੂਨੀਅਨ ਹਸਪਤਾਲ ਗਈ। ਯੂਨੀਅਨ ਹਸਪਤਾਲ ਵਿਖੇ ਗੁਇਜ਼ਿਆਨ ਨੂੰ ਦੱਸਿਆ ਗਿਆ ਕਿ ਉਸ ਦੀ ਬਿਮਾਰੀ ਦੁਰਲਭ ਸੀ ਅਤੇ ਹੁਨਾਨ ਸੂਬੇ ਤੋਂ ਇਸ ਤਰ੍ਹਾਂ ਦੇ ਲੱਛਣ ਵਾਲੇ ਬਹੁਤ ਸਾਰੇ ਲੋਕ ਹਸਪਤਾਲ 'ਚ ਪਹੁੰਚੇ ਸਨ।
ਜਦੋਂ ਡਾਕਟਰਾਂ ਨੂੰ ਇਸ ਦੀ ਪੁਸ਼ਟੀ ਹੋਈ ਕਿ ਇਹ ਕੋਰੋਨਾ ਵਾਇਰਸ ਹੈ ਤਾਂ ਪੀੜਤ ਔਰਤ ਨੂੰ ਅਲਹਿਦਾ ਰੱਖਿਆ ਗਿਆ। ਇੱਕ ਮਹੀਨਾ ਚੱਲੇ ਇਲਾਜ਼ ਦੌਰਾਨ ਔਰਤ ਦੀ ਸਿਹਤ ਵਿੱਚ ਸੁਧਾਰ ਹੋਇਆ ਅਤੇ ਉਹ ਠੀਕ ਹੋ ਗਈ।
ਇੱਕ ਸਥਾਨਕ ਅਖ਼ਬਾਰ ਮੁਤਾਬਕ, ਉਸ ਔਰਤ ਨੇ ਠੀਕ ਹੋਣ ਤੋਂ ਬਾਅਦ ਇਹ ਪ੍ਰਗਟਾਵਾ ਕੀਤਾ ਸੀ ਕਿ ਚੀਨ ਦੇ ਸਰਕਾਰ ਵੇਲੇ ਸਿਰ ਠੋਸ ਕਦਮ ਚੱਕਦੀ ਤਾਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਸੀ।
ਇਸ ਵੇਲੇ ਕੋਰੋਨਾ ਵਾਇਰਸ ਨਾਲ 34000 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 7 ਲੱਖ 20 ਹਜ਼ਾਰ ਦੇ ਕਰੀਬ ਲੋਕ ਇਸ ਨਾਲ ਪੀੜਤ ਹਨ। ਚੀਨ ਨੇ ਬਹੁਤ ਹੱਦ ਤੱਕ ਇਸ ਵਾਇਰਸ ਤੇ ਕਾਬੂ ਪਾ ਲਿਆ ਹੈ। ਇੱਕ ਰਿਪੋਰਟ ਮੁਤਾਬਕ, ਚੀਨ ਦੇ 81 ਹਜ਼ਾਰ ਪੀੜਚਾਂ ਵਿੱਚੋਂ 75000 ਠੀਕ ਹੋ ਚੁੱਕੇ ਹਨ। ਹੁਣ ਉੱਥੇ ਮਹਿਜ਼ 2400 ਦੇ ਕਰੀਬ ਪਾਜ਼ੀਟਿਵ ਕੇਸ ਹਨ। ਚੀਨ ਦੇ ਜਿਸ ਸ਼ਹਿਰ ਤੋਂ ਇਹ ਵਾਇਰਸ ਫ਼ੈਲਿਆ ਸੀ ਉਹ ਸ਼ਹਿਰ ਹੁਣ ਵਾਪਸ ਪਟੜੀ ਤੇ ਪਰਤਣ ਲੱਗ ਗਿਆ ਹੈ।
ਜੇ ਤਾਜ਼ਾ ਹਲਾਤ ਦੀ ਗੱਲ ਕਰੀਏ ਤਾਂ ਅਮਰੀਕਾ ਵਿੱਚ ਡੇਢ ਲੱਖ ਦੇ ਕਰੀਬ ਵਿਅਕਤੀ ਇਸ ਵਾਇਰਸ ਨਾਲ ਪੀੜਤ ਹਨ ਜੋ ਕਿ ਹੁਣ ਤੱਕ ਦਾ ਕਿਸੇ ਦੇਸ਼ ਲਈ ਸਭ ਤੋਂ ਵੱਧ ਅੰਕੜਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਇਕੱਲੇ ਅਮਰੀਕਾ ਵਿੱਚ ਇਸ ਵਾਇਰਸ ਨਾਲ 2 ਲੱਖ ਤੱਕ ਲੋਕਾਂ ਦੀ ਮੌਤ ਹੋ ਸਕਦੀ ਹੈ।
ਇਟਲੀ ਅਤੇ ਸਪੇਨ ਇਸ ਵਾਇਰਸ ਦੀ ਲਪੇਟ ਵਿੱਚ ਬੁਰੀ ਤਰ੍ਹਾਂ ਨਾਲ ਆਏ ਹੋਏ ਹਨ। ਮੈਡੀਕਲ ਵਿੱਚ ਦੁਨੀਆ ਦੇ ਦੂਜੇ ਨੰਬਰ ਤੇ ਗਿਣੇ ਜਾਂਦੇ ਦੇਸ਼ ਇਟਲੀ ਵਿੱਚ ਮੌਤਾਂ ਦੀ ਗਿਣਤੀ 11 ਹਜ਼ਾਰ ਨੂੰ ਛੂਹਣ ਵਾਲੀ ਹੈ ਜਦੋਂ ਕਿ ਸਪੇਨ ਵਿੱਚ ਮਰਨ ਵਾਲਿਆਂ ਦੀ ਗਿਣਤੀ 6800 ਤੋਂ ਜ਼ਿਆਦਾ ਹੈ
ਭਾਰਤ ਮੁਲਕ ਵਿੱਚ ਵੀ ਇਹ ਵਾਇਰਸ ਬੁਰੀ ਤਰ੍ਹਾਂ ਨਾਲ ਪੈਰ ਪਸਾਰ ਰਿਹਾ ਹੈ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਤਾਲਬੰਦੀ ਦਾ ਇਸ ਤੇ ਫ਼ਰਕ ਤਾਂ ਜ਼ਰੂਰ ਪਿਆ ਹੈ ਪਰ ਲੋਕ ਹਾਲੇ ਤੱਕ ਇਸ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈ ਰਹੇ।