ਵਾਸ਼ਿੰਗਟਨ : ਦੁਨੀਆਂ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 14 ਲੱਖ ਤੋਂ ਟੱਪ ਗਈ ਹੈ, ਜਦ ਕਿ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 82,133 ਹੋ ਗਈ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਤੇਜ਼ੀ ਅਮਰੀਕਾ ਵਿੱਚ ਹੋਈ ਹੈ। ਚੀਨ ਜਿਥੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ, ਉੱਥੇ ਬੀਤੇ 24 ਘੰਟਿਆਂ ਦੌਰਾਨ 62 ਨਵੇਂ ਮਾਮਲੇ ਸਾਹਮਣੇ ਆਏ ਹਨ।
ਅਮਰੀਕਾ ਵਿੱਚ ਕੋਰੋਨਾ ਮਾਮਲੇ
ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿੱਚ ਵੀ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹੁਣ ਤੱਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 3,99,081 ਹੋ ਗਈ ਹੈ, ਜਦਕਿ 12,907 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਪਹਿਲਾ ਕੋਰੋਨਾ ਵਾਇਰਸ ਦਾ ਮਾਮਲਾ 1 ਮਾਰਚ ਨੂੰ ਸਾਹਮਣੇ ਆਇਆ ਸੀ।
ਸਪੇਨ ਅਤੇ ਜਰਮਨੀ
ਸਪੇਨ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1,41,942 ਹੋ ਗਈ ਹੈ, ਜਦ ਕਿ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 14,045 ਤੱਕ ਪਹੁੰਚ ਚੁੱਕੀ ਹੈ।
ਉੱਥੇ ਹੀ ਜਰਮਨੀ ਵਿੱਚ ਮ੍ਰਿਤਕਾਂ ਦੀ ਗਿਣਤੀ 2,016 ਉੱਤੇ ਪਹੁੰਚ ਗਈ ਹੈ ਅਤੇ ਤਕਰੀਬਨ 1,07,663 ਲੋਕ ਇਸ ਵਾਇਰਸ ਨਾਲ ਗ੍ਰਸਤ ਹਨ। ਜਰਮਨ ਵਿੱਚ ਹੁਣ ਤੱਕ 36,081 ਲੋਕਾਂ ਦੀ ਸਿਹਤ ਵਿੱਚ ਸੁਧਾਰ ਵੀ ਆਇਆ ਹੈ।
ਇਟਲੀ ਤੇ ਫਰਾਂਸ
ਸੈਰ-ਸਪਾਟੇ ਵਾਲੇ ਮੁਲਕ ਇਟਲੀ ਵਿੱਚ ਹੁਣ ਤੱਕ 17,127 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 1,35,586 ਹੋ ਗਈ ਹੈ। ਉੱਥੇ ਹੀ ਫਰਾਂਸ ਵਿੱਚ 10,343 ਲੋਕ ਇਸ ਬੀਮਾਰੀ ਨਾਲ ਮਰ ਗਏ ਹਨ ਅਤੇ 1,10,070 ਲੋਕ ਇਸ ਵਾਇਰਸ ਦੀ ਗ੍ਰਸਤ ਵਿੱਚ ਹਨ।
ਚੀਨ ਅਤੇ ਪਾਕਿਸਤਾਨ
ਚੀਨ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 62 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿੰਨ੍ਹਾਂ ਵਿੱਚੋਂ 52 ਵਿਦੇਸ਼ ਤੋਂ ਆਏ ਹਨ। 3 ਹੋਰ ਨਵੇਂ ਮਾਮਲੇ ਵੀ ਆਏ ਹਨ, ਜੋ ਦੇਸ਼ ਵਿੱਚੋਂ ਹੀ ਹਨ। ਬੀਤੇ ਮੰਗਲਵਾਰ ਚੀਨ ਵਿੱਚ 2 ਮੌਤਾਂ ਹੋਈਆਂ, ਜੋ ਕਿ ਸ਼ੰਘਾਈ ਅਤੇ ਹੁਬੇਈ ਤੋਂ ਸਨ। ਚੀਨ ਵਿੱਚ 82,783 ਕੋਰੋਨਾ ਵਾਇਰਸ ਦੇ ਮਾਮਲੇ ਹਨ।
ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਕੋਰੋਨਾ ਨਾਲ 57 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦ ਕਿ 4,035 ਲੋਕਾਂ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਹਨ। ਪਾਕਿਸਤਾਨੀ ਪੰਜਾਬ ਵਿੱਚ ਇਸ ਦਾ ਸਭ ਤੋਂ ਵੱਧ ਪ੍ਰਭਾਵ ਦੇਖਣ ਨੂੰ ਮਿਲਿਆ, ਜਦਕਿ ਸਿੰਧ ਸੂਬਾ ਦੂਸਰੇ ਨੰਬਰ ਉੱਤੇ ਹਨ। ਪਾਕਿਸਤਾਨੀ ਪੰਜਾਬ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪੀੜਤਾਂ ਦੀ ਗਿਣਤੀ 2,004 ਤੱਕ ਪਹੁੰਚ ਗਈ ਹੈ।
ਆਸਟ੍ਰੇਲੀਆ ਅਤੇ ਕੈਨੇਡਾ
ਆਸਟ੍ਰੇਲੀਆ ਵਿੱਚ ਕੋਰੋਨਾ ਵਾਇਰਸ ਦੇ ਨਾਲ ਹੁਣ ਤੱਕ 45 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 5,895 ਲੋਕਾਂ ਵਿੱਚ ਕੋਰੋਨਾ ਦੇ ਲੱਛਣ ਹਨ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਵਿੱਚ ਸਭ ਵੱਧ ਜ਼ਿਆਦਾ ਪ੍ਰਭਾਵ ਹੈ, ਜਿਥੇ 21 ਮੌਤਾਂ ਹੋਈਆਂ ਹਨ। ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ 17,897 ਹਨ ਅਤੇ 381 ਲੋਕਾਂ ਦੀ ਮੌਤ ਹੋ ਚੁੱਕੀ ਹੈ। 153 ਮੌਤਾਂ ਇਕੱਲੇ ਓਂਟਾਰੀਓ ਅਤੇ 150 ਕਿਊਬਿਕ ਸੂਬੇ ਵਿੱਚ ਹੋਈਆਂ ਹਨ।
ਭਾਰਤ, ਇੰਗਲੈਂਡ ਤੇ ਸਾਊਦੀ ਅਰਬ
ਭਾਰਤ ਵਿੱਚ ਹੁਣ ਤੱਕ 5,351 ਕੋਰੋਨਾ ਵਾਇਰਸ ਨਾਲ ਪੀੜਤ ਮਾਮਲੇ ਸਾਹਮਣੇ ਆਏ ਹਨ, ਜਦਕਿ 352 ਮਰੀਜ਼ ਇਸ ਤੋਂ ਠੀਕ ਵੀ ਹੋਏ ਹਨ। ਕੋਰੋਨਾ ਵਾਇਰਸ ਭਾਰਤ ਵਿੱਚ 160 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੋਨਸ ਹਾਪਿਕਨਜ਼ ਯੂਨੀਵਰਸਿਟੀ ਮੁਤਾਬਕ ਇੰਗਲੈਂਡ ਵਿੱਚ ਹੁਣ ਤੱਕ 6,171 ਮੌਤਾਂ ਹੋ ਚੁੱਕੀਆਂ ਹਨ ਅਤੇ ਪੀੜਤਾਂ ਦੀ ਗਿਣਤੀ 55,949 ਹੋ ਗਈ ਹੈ। ਉੱਥੇ ਹੀ ਸਾਊਦੀ ਅਰਬ ਵਿੱਚ 41 ਲੋਕਾਂ ਦੀ ਮੌਤ ਹੋਈ ਹੈ ਅਤੇ 2,795 ਲੋਕ ਇਸ ਦੀ ਗ੍ਰਿਫ਼ਤ ਵਿੱਚ ਹਨ।