ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 12 ਲੱਖ ਨੂੰ ਪਾਰ ਕਰ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 30 ਹਜ਼ਾਰ ਦੇ ਨੇੜ ਪਹੁੰਚ ਗਈ ਹੈ।
ਬੁੱਧਵਾਰ ਨੂੰ ਭਰਤ ਵਿੱਚ ਕੋਰੋਨਾ ਮਾਮਲਿਆਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 45,720 ਨਵੇਂ ਮਾਮਲੇ ਸਾਹਮਣੇ ਆਏ ਹਨ। ਉਸੇ ਸਮੇਂ ਪਹਿਲੀ ਵਾਰ ਇਕ ਦਿਨ ਵਿਚ ਮਰਨ ਵਾਲਿਆਂ ਦੀ ਗਿਣਤੀ 1000 ਨੂੰ ਪਾਰ ਕਰ ਗਈ ਹੈ। ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1041 ਮਾਮਲੇ ਸਾਹਮਣੇ ਆਏ ਹਨ 26 ਮੌਤਾਂ ਹੋਈਆਂ ਹਨ।
ਇਸ ਦੇ ਨਾਲ ਦਿੱਲੀ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ 1,27,364 ਤੱਕ ਪਹੁੰਚ ਗਿਆ ਹੈ ਅਤੇ ਮ੍ਰਿਤਕਾਂ ਦੀ ਗਿਣਤੀ 3,745 ਹੋ ਗਈ ਹੈ। ਦਿੱਲੀ ਵਿੱਚ ਹੁਣ ਤੱਕ 1,09,065 ਲੋਕ ਇਸ ਵਾਇਰਸ ਨੂੰ ਮਾਤ ਦੇ ਚੁੱਕੇ ਹਨ।
ਮਹਾਰਾਸ਼ਟਰ ਵਿੱਚ 9895 ਨਵੇਂ ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ 298 ਮੌਤਾਂ ਹੋਈਆਂ ਹਨ। ਸੂਬੇ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ 3,47,502 ਤੱਕ ਪਹੁੰਚ ਗਿਆ ਹੈ ਜਿਨ੍ਹਾਂ ਵਿੱਚੋਂ 1,36,980 ਐਕਟਿਵ ਮਾਮਲੇ ਹਨ, 1,94,253 ਸਿਹਤਯਾਬ ਹੋ ਗਏ ਹਨ ਅਤੇ 12,854 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਰਾਜਸਥਾਨ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ 1,94,253 ਤੱਕ ਪਹੁੰਚ ਗਿਆ ਹੈ ਜਿਨ੍ਹਾਂ ਵਿੱਚੋਂ 594 ਦੀ ਮੌਤ ਹੋ ਚੁੱਕੀ ਹੈ ਅਤੇ 8811 ਮਾਮਲੇ ਐਕਟਿਵ ਹਨ। ਜੰਮੂ-ਕਸ਼ਮੀਰ ਵਿਚ 718 ਨਵੇਂ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜੰਮੂ ਤੋਂ ਕੁੱਲ ਮਾਮਲਿਆਂ ਦੀ ਗਿਣਤੀ 16,429 ਹੋ ਗਈ ਹੈ ਅਤੇ 282 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ।
ਵੀਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 441 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 6 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 11739 ਤੱਕ ਪਹੁੰਚ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 3721 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 277 ਲੋਕਾਂ ਦੀ ਮੌਤ ਹੋ ਚੁੱਕੀ ਹੈ।