ਨਵੀਂ ਦਿੱਲੀ :ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਹਾਥਰਸ ਮਾਮਲੇ ਨੂੰ ਲੈ ਕੇ ਪੀੜਤਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਇਸ ਦੇ ਇੱਕ ਦਿਨ ਬਾਅਦ ਹੀ ਪਾਰਟੀ ਨੇ ਇਹ ਐਲਾਨ ਕੀਤਾ ਸੀ ਕਿ ਪੀੜਤਾ ਨੂੰ ਇਨਸਾਫ ਦਵਾਉਣ ਲਈ ਦੇਸ਼ ਭਰ ਅੰਦਰ ਵੱਖ-ਵੱਖ ਸੂਬਿਆਂ 'ਚ ਸਥਿਤ ਪਾਰਟੀ ਦੇ ਜ਼ਿਲ੍ਹਾ ਦਫਤਰਾਂ ਵਿਖੇ 'ਸਤਿਆਗ੍ਰਹਿ' ਕੀਤਾ ਜਾਵੇਗਾ।
ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੱਕਤਰ ਕੇਸੀ ਵੇਣੂਗੋਪਾਲ ਨੇ ਇੱਕ ਬਿਆਨ 'ਚ ਕਿਹਾ, 'ਪ੍ਰਦੇਸ਼ ਕਾਂਗਰਸ ਸਮਿਤੀਆਂ' ਪੀੜਤਾ ਤੇ ਉਸ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਦੇ ਖਿਲਾਫ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕੀਤੀ ਜਾ ਰਹੀ ਮਨਮਾਨੀਆਂ ਦੇ ਵਿਰੋਧ 'ਚ 'ਸਤਿਆਗ੍ਰਹਿ' ਕਰਨਗੀਆਂ। ਮਹਾਤਮਾ ਗਾਂਧੀ/ ਅੰਬੇਦਕਰ ਜੀ ਦੇ ਬੁੱਤਾ 'ਤੇ ਮੌਨ 'ਸਤਿਆਗ੍ਰਹਿ' ਕੀਤਾ ਜਾਵੇਗਾ। '
ਉਨ੍ਹਾਂ ਨੇ ਦੱਸਿਆ ਕਿ 'ਸਤਿਆਗ੍ਰਹਿ' ਵਿੱਚ ਸੀਨੀਅਰ ਨੇਤਾ,ਸਾਂਸਦ, ਵਿਧਾਇਕ, ਪਾਰਟੀ ਦੇ ਅਧਿਕਾਰੀ ਤੇ ਵਰਕਰ ਸ਼ਾਮਲ ਹੋਣਗੇ।
ਵੇਣੂਗੋਪਾਲ ਨੇ ਆਖਿਆ, " ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਇੱਕ ਦਲਿਤ ਕੁੜੀ ਨਾਲ ਸਮੂਹਿਕ ਜਬਰ ਜਨਾਹ ਤੇ ਕਤਲ ਨੇ ਦੇਸ਼ ਦੀ ਅੰਤਰ ਆਤਮਾ ਨੂੰ ਹਿਲਾ ਕੇ ਰੱਖ ਦਿੱਤਾ ਹੈ। "
ਉਨ੍ਹਾਂ ਦੋਸ਼ ਲਾਇਆ ਕਿ 19 ਸਾਲਾ ਕੁੜੀ ਨੂੰ ਜ਼ਿੰਦਗੀ ਤੇ ਮੌਤ ਦੋਹਾਂ 'ਚ ਇਨਸਾਫ ਤੇ ਸਨਮਾਨ ਤੋਂ ਵਾਂਝਾ ਕਰ ਦਿੱਤਾ ਗਿਆ, ਕਿਉਂਕੀ ਪੀੜਤਾ ਦੀ ਲਾਸ਼ ਦਾ ਰਾਤ ਦੇ ਸਮੇਂ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਹੀ ਅੰਤਸ ਸਸਕਾਰ ਕਰ ਦਿੱਤਾ ਗਿਆ।
ਵੇਣੂਗੋਪਾਲ ਨੇ ਆਖਿਆ ਕਿ ਉੱਤਰ ਪ੍ਰਦੇਸ਼ ਵਿੱਚ ਭਾਜਪਾ ਸਰਕਾਰ ਵੱਲੋਂ ਵਿਖਾਈ ਗਈ ਬੇਸ਼ਰਮੀ ਤੇ ਅਣਮਨੁੱਖਤਾ ਨੇ ਪੀੜਤਾ ਦੇ ਮਾਣ ਨੂੰ ਠੇਸ ਪਹੁੰਚੀ ਹੈ।
ਕਾਂਗਰਸੀ ਨੇਤਾ ਨੇ ਇੱਕ ਅਕਤੂਬਰ ਨੂੰ ਉੱਤਰ ਪ੍ਰਦੇਸ਼ ਸਰਕਾਰ ਦੀ ਉਸ ਕਾਰਵਾਈ ਦੀ ਨਿੰਦਿਆ ਵੀ ਕੀਤੀ, ਜਦੋਂ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਹੋਰਨਾਂ ਨੇਤਾਵਾਂ ਨਾਲ ਪੀੜਤਾ ਦੇ ਪਰਿਵਾਰ ਨੂੰ ਮਿਲਣ ਹਥਰਸ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਸਮੇਂ ਵਫ਼ਦ ਨੂੰ ਉੱਤਰ ਪ੍ਰਦੇਸ਼ ਦੀ ਸਰਹੱਦ 'ਤੇ ਹੀ ਰੋਕ ਦਿੱਤਾ ਗਿਆ।
ਵੇਣੂਗੋਪਾਲ ਨੇ ਆਪਣੇ ਬਿਆਨ 'ਚ ਕਿਹਾ, " ਪੁਲਿਸ ਨੇ ਰਾਹੁਲ ਗਾਂਧੀ ਨੂੰ ਅਣਮਨੁੱਖੀ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਤੇ ਰਾਹੁਲ ਤੇ ਪ੍ਰਿੰਯਕਾ ਸਣੇ ਹੋਰਨਾਂ ਨੇਤਾਵਾਂ ਨੂੰ ਵੀ ਹਿਰਾਸਤ 'ਚ ਲੈ ਲਿਆ। ਪੁਲਿਸ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਹੋਰਨਾਂ ਆਗੂਆਂ 'ਤੇ ਬੇਰਹਿਮੀ ਨਾਲ ਲਾਠੀਚਾਰਜ ਵੀ ਕੀਤਾ। ਨੇਤਾਵਾਂ ਨੂੰ ਨਾਂ ਮਹਿਜ਼ ਰੋਕਿਆ ਗਿਆ ਬਲਕਿ ਉਨ੍ਹਾਂ ਉੱਤੇ ਐਫਆਈਆਰ ਵੀ ਦਰਜ ਕੀਤੀ ਗਈ।