ਨਵੀਂ ਦਿੱਲੀ: ਦਿੱਲੀ ਚੋਣਾਂ ਤੋਂ ਨਿਬੜਣ ਤੋਂ ਬਾਅਦ ਕਾਂਗਰਸ ਹੁਣ ਰਾਜ ਸਭਾ ਚੋਣਾਂ ਦੀ ਤਿਆਰੀ 'ਚ ਲੱਗ ਗਈ ਹੈ। ਕਿਆਸਰਾਈਆਂ ਹੋ ਰਹੀਆਂ ਹਨ ਕਿ ਪ੍ਰਿਅੰਕਾ ਗਾਂਧੀ ਨੂੰ ਮੱਧ ਪ੍ਰਦੇਸ਼ ਸੀਟ ਤੋਂ ਰਾਜ ਸਭਾ ਭੇਜਿਆ ਜਾ ਸਕਦਾ ਹੈ।
ਮੱਧ ਪ੍ਰਦੇਸ਼ ਦੇ ਚਾਰ ਕਾਂਗਰਸ ਲੀਡਰਾਂ ਨੇ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਹੈ ਕਿ ਪ੍ਰਿਅੰਕਾ ਗਾਂਧੀ ਨੂੰ ਮੱਧ ਪ੍ਰਦੇਸ਼ ਦੀ ਰਾਜ ਸਭਾ ਸੀਟ ਤੋਂ ਮੈਦਾਨ 'ਚ ਉਤਾਰਿਆ ਜਾਵੇ।
ਇਸ ਸਾਲ ਅਪ੍ਰੈਲ 'ਚ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦੀਆਂ ਤਿੰਨ ਸੀਟਾਂ ਖਾਲ੍ਹੀ ਹੋਣ ਵਾਲੀਆਂ ਹਨ। ਇਨ੍ਹਾਂ 'ਚੋਂ ਇੱਕ ਸੀਟ ਤੇ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਸੰਸਦ ਮੈਂਬਰ ਹਨ ਜਦਕਿ ਬਾਕੀ ਦੋ ਸੀਟਾਂ 'ਤੇ ਬੀਜੇਪੀ ਦੇ ਪ੍ਰਭਾਤ ਝਾ ਤੇ ਸੱਤਿਆ ਨਰਾਇਣ ਜਟਿਆ ਰਾਜ ਸਭਾ ਮੈਂਬਰ ਹਨ। ਤਿੰਨਾਂ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ।
ਹਾਲਾਂਕਿ ਕਾਂਗਰਸ ਨੇ ਇਸ 'ਤੇ ਕੋਈ ਸਾਫ਼ ਜਵਾਬ ਨਹੀਂ ਦਿੱਤਾ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਤੋਂ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਕਿਆਸਰਾਈਆਂ ਦਾ ਜਵਾਬ ਨਹੀਂ ਹੈ।
ਮੱਧ ਪ੍ਰਦੇਸ਼ 'ਚ ਸਾਲ 2018 ਚ ਹੋਈਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਨੂੰ ਮਿਲੀ ਜਿੱਤ ਤੋਂ ਬਾਅਦ ਦੋ ਸੀਟਾਂ ਕਾਂਗਰਸ ਤੇ ਇੱਕ ਸੀਟ ਬੀਜੇਪੀ ਦੇ ਖਾਤੇ ਚ ਜਾਣ ਦਾ ਅਨੁਮਾਨ ਹੈ।
ਅਗਾਮੀ ਰਾਜ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਚਾਰ ਨੇਤਾਵਾਂ ਸਾਬਕਾ ਕੇਂਦਰੀ ਮੰਤਰੀ ਅਰੁਣ ਯਾਦਵ ਅਤੇ ਮੱਧ ਪ੍ਰਦੇਸ਼ ਦੇ ਤਿੰਨ ਮੌਜੂਦਾ ਮੰਤਰੀ ਸੱਜਣ ਸਿੰਘ ਵਰਮਾ, ਪੀਸੀ ਸ਼ਰਮਾ ਅਤੇ ਜੈਵਰਧਨ ਸਿੰਘ ਨੇ ਪਾਰਟੀ ਲੀਡਰਸ਼ਿਪ ਤੋਂ ਮੰਗ ਕੀਤੀ ਹੈ ਕਿ ਪ੍ਰਿਅੰਕਾ ਗਾਂਧੀ ਨੂੰ ਸੂਬੇ ਦੀ ਰਾਜ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਜਾਵੇ।