ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਊਤ ਦਰਮਿਆਨ ਜ਼ੁਬਾਨੀ ਲੜਾਈ ਤੋਂ ਬਾਅਦ, ਕਾਂਗਰਸ ਨੇ ਸੋਮਵਾਰ ਨੂੰ ਕਿਹਾ ਕਿ ਪਾਰਟੀ ਅਦਾਕਾਰਾ ਦੀ ਕਿਸੇ ਵੀ ਗੱਲ ਨਾਲ ਅਸਹਿਮਤ ਹੋਣ ਦੇ ਅਧਿਕਾਰ ਦਾ ਆਦਰ ਕਰਦੀ ਹੈ ਪਰ ਉਸ ਵੱਲੋਂ ਕੀਤੀ ਮੁੰਬਈ-ਪੀਓਕੇ ਵਾਲੀ ਟਿੱਪਣੀ ਦੀ ਨਿਖੇਧੀ ਕਰਦੀ ਹੈ। ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਨਾਲ ਕਾਂਗਰਸ ਮਹਾਂ ਵਿਕਾਸ ਅਗਾੜੀ ਸਰਕਾਰ ਵਿੱਚ ਸਹਿਯੋਗੀ ਹੈ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ, "ਮੋਦੀ ਜੀ ਅਤੇ ਭਾਜਪਾ ਦੇ ਉਲਟ, ਮੈਂ ਆਪਣੇ ਸਭ ਤੋਂ ਵੱਡੇ ਆਲੋਚਕ ਦੇ ਅਧਿਕਾਰ ਦਾ ਬਚਾਅ ਕਰਾਂਗਾ, ਜੋ ਕਾਂਗਰਸ ਅਤੇ ਮਹਾਰਾਸ਼ਟਰ ਵਿੱਚ ਗੱਠਜੋੜ ਦੇ ਭਾਈਵਾਲ ਸ਼ਿਵ ਸੈਨਾ ਅਤੇ ਐਨਸੀਪੀ ਦਾ ਸਿਧਾਂਤ ਹੈ।"
ਕਾਂਗਰਸ ਨੇਤਾ ਨੇ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨਾਲ ਕਰਨ ਲਈ ਕੰਗਨਾ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਇਹ ਰਾਜਨੀਤਕ ਤੌਰ 'ਤੇ ਪ੍ਰੇਰਿਤ ਹੈ।
ਸੁਰਜੇਵਾਲਾ ਨੇ ਕਿਹਾ, “ਇੱਕ ਖ਼ਾਸ ਫਿਲਮ ਅਦਾਕਾਰਾ ਦੇ ਮੋਦੀ ਜੀ ਅਤੇ ਭਾਜਪਾ ਦੇ ਏਜੰਡੇ 'ਤੇ ਚੱਲਣ ਦੇ ਬਾਵਜੂਦ ਅਸੀਂ ਉਸ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਾਂਗੇ।" ਹਾਲਾਂਕਿ, ਕਾਂਗਰਸੀ ਨੇਤਾ ਨੇ ਕਿਹਾ ਕਿ ਭਾਰਤ ਦੀ ਆਰਥਿਕ ਰਾਜਧਾਨੀ ਨੂੰ ਪੀਓਕੇ ਕਹਿਣਾ ਬਚਕਾਨਾ, ਗ਼ਲਤ ਅਤੇ ਰਾਜਨੀਤਕ ਤੌਰ 'ਤੇ ਮੌਕਾਪ੍ਰਸਤ ਅਤੇ ਨਿੰਦਣਯੋਗ ਹੈ।