ਜੈਪੁਰ: ਰਾਜਸਥਾਨ 'ਚ ਚੱਲ ਰਹੇ ਸਿਆਸੀ ਸੰਕਟ ਵਿਚਾਲੇ ਕਾਂਗਰਸ ਮੀਡੀਆ ਸੈੱਲ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਰਾਜਸਥਾਨ ਵਿੱਚ ਹੋ ਰਹੀਆਂ ਘਟਨਾਵਾਂ ਦੀ ਸਾਜਿਸ਼ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਗਜੇਂਦਰ ਸਿੰਘ ਸ਼ੇਖਾਵਤ ਨੂੰ ਤੁਰੰਤ ਐੱਫਆਈਆਰ ਦਰਜ ਕਰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਸ ਗੱਲ ਦਾ ਖੁਲਾਸਾ ਹੋਵੇਗਾ ਕਿ ਕੇਂਦਰ ਸਰਕਾਰ ਦੇ ਕਿਹੜੇ ਲੋਕ ਇਸ ਸਾਰੀ ਪ੍ਰਕਿਰਿਆ ਵਿੱਚ ਸ਼ਾਮਲ ਹਨ। ਪਾਰਟੀ ਨੇ ਸਚਿਨ ਪਾਇਲਟ ਧੜੇ ਦੇ 2 ਵਿਧਾਇਕ ਭੰਵਰ ਲਾਲ ਸ਼ਰਮਾ ਅਤੇ ਵਿਸ਼ਵੇਂਦਰ ਸਿੰਘ ਨੂੰ ਵੀ ਪਾਰਟੀ ਤੋਂ ਕੱਢਣ ਦਾ ਐਲਾਨ ਕਰ ਦਿੱਤਾ ਹੈ।
ਰਨਦੀਪ ਸੁਰਜੇਵਾਲਾ ਨੇ ਕਿਹਾ ਕਿ ਪਿਛਲੇ 1 ਮਹੀਨੇ ਤੋਂ ਖਰੀਦ-ਫਰੋਖ਼ਤ ਦੀ ਚਰਚਾ ਚੱਲ ਰਹੀ ਹੈ। ਐਸਓਜੀ ਵਿੱਚ ਵੀ ਕੇਸ ਦਰਜ ਕੀਤਾ ਗਿਆ ਹੈ। 30 ਤੋਂ 35 ਕਰੋੜ ਤੱਕ ਵਿਧਾਇਕਾਂ ਨੂੰ ਖਰੀਦਣ ਵਿੱਚ ਭਾਜਪਾ ਦੀ ਭੂਮਿਕਾ ਕਈ ਵਾਰ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ।
ਆਡੀਓ ਟੇਪਾਂ ਸਾਹਮਣੇ ਆਈਆਂ ਹਨ, ਇਹ ਸਾਫ਼ ਹੈ ਕਿ ਭਾਜਪਾ ਨੇ ਕਾਂਗਰਸ ਦੀ ਚੁਣੀ ਹੋਈ ਸਰਕਾਰ ਨੂੰ ਡਿਗਾਉਣ ਅਤੇ ਵਿਧਾਇਕਾਂ ਨੂੰ ਖਰੀਦਣ ਦੀ ਸਾਜਿਸ਼ ਰਚੀ ਹੈ। ਭਾਜਪਾ ਨੇ ਜਨਮਤ ਦਾ ਅਪਮਾਨ ਕੀਤਾ ਹੈ। ਸਰਕਾਰ ਨੂੰ ਡਿਗਾਉਣ ਦੀ ਸਾਜਿਸ਼ ਦਾ ਪਰਦਾਫਾਸ਼ ਹੁਣ ਹੋਇਆ ਹੈ।
ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਚੀਨ ਜਾਂ ਕੋਰੋਨਾਵਾਇਰਸ ਨਾਲ ਲੜ੍ਹਨ ਦੀ ਬਜਾਏ ਸਰਕਾਰ ਨੂੰ ਤੋੜਨ ਦਾ ਕੰਮ ਚੱਲ ਰਿਹਾ ਹੈ। ਮਨੀਪੁਰ, ਉੱਤਰਾਂਚਲ, ਗੋਆ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਫਿਰ ਰਾਜਸਥਾਨ ਵਿੱਚ ਭਾਜਪਾ ਸੱਤਾ ਲਈ ਖੇਡ ਰਹੀ ਹੈ। ਭਾਜਪਾ ਸੱਤਾ ਲੁੱਟਣ ਦੀ ਸਾਜਿਸ਼ ਵਿੱਚ ਲੱਗੀ ਹੋਈ ਹੈ, ਪਰ ਇਸ ਵਾਰ ਉਨ੍ਹਾਂ ਨੇ ਗਲਤ ਸੂਬੇ ਵਿਚ ਹੱਥ ਪਾਇਆ ਹੈ।
ਸੁਰਜੇਵਾਲਾ ਨੇ ਕਿਹਾ ਕਿ ਜੋ ਆਡੀਓ ਸਾਹਮਣੇ ਆਇਆ ਹੈ, ਉਸ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਕਾਂਗਰਸ ਦੇ ਵਿਧਾਇਕ ਭੰਵਰਲਾਲ ਸ਼ਰਮਾ ਅਤੇ ਦਲਾਲ ਸੰਜੇ ਜੈਨ ਦਰਮਿਆਨ ਹੋਈ ਗੱਲਬਾਤ ਸਾਹਮਣੇ ਆਈ ਹੈ। ਇਸ ਟੇਪ ਵਿੱਚ ਸਰਕਾਰ ਨੂੰ ਤੋੜਨ ਦੀ ਸਾਜਿਸ਼ ਦਾ ਖੁਲਾਸਾ ਹੋਇਆ ਹੈ। ਲੋਕਤੰਤਰ ਦੇ ਇਤਿਹਾਸ ਦਾ ਇਹ ਇੱਕ ਕਾਲਾ ਅਧਿਆਏ ਹੈ।