ਗੁਵਹਾਟੀ: ਅਸਾਮ ਵਿਖੇ ਸੋਨਿਤਪੁਰ ਜ਼ਿਲ੍ਹੇ ਦੇ ਅਸਲਮਾਰਾ ਖ਼ੇਤਰ 'ਚ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਝੜਪ ਮਗਰੋਂ ਦੋਹਾਂ ਧਿਰਾਂ ਦੇ ਲੋਕਾਂ ਨੇ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਦੇ ਚਲਦੇ ਖ਼ੇਤਰ 'ਚ ਤਣਾਅ ਦੀ ਸਥਿਤੀ ਵੱਧ ਗਈ ਹੈ। ਇਲਾਕੇ ਦੇ ਹਲਾਤਾਂ 'ਤੇ ਕਾਬੂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਫੋਰਸ ਤਾਇਨਾਤ ਕੀਤੀ ਹੈ।
ਇਹ ਜਾਣਕਾਰੀ ਪੁਲਿਸ ਵਿਭਾਗ ਵੱਲੋਂ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਬਜਰੰਗ ਦਲ ਦੇ ਇੱਕ ਗਰੁੱਪ ਨੇ ਅਯੁਧਿਆ ਵਿਖੇ ਰਾਮ ਮੰਦਰ ਦੇ ਨੀਂਹ ਪੱਥਰ ਸਮਾਗਮ ਦੇ ਚਲਦੇ ਭਾਰਾ ਸਿੰਗਾਰੀ ਸ਼ਿਵ ਮੰਦਰ ਤੱਕ ਰੈਲੀ ਕੱਢੀ।
ਇਸ ਰੈਲੀ ਵਿੱਚ ਵੱਡੀ ਗਿਣਤੀ 'ਚ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਸ਼ਾਮਲ ਸਨ। ਰੈਲੀ ਦੇ ਦੌਰਾਨ ਬੇਹਦ ਉੱਚੀ ਆਵਾਜ਼ 'ਚ ਗਾਣੇ ਵੀ ਵਜਾਏ ਜਾ ਰਹੇ ਸਨ। ਰੈਲੀ ਦੇ ਦੌਰਾਨ ਬਜਰੰਗ ਦਲ ਦੇ ਲੋਕਾਂ ਵੱਲੋਂ ਲਗਾਤਾਰ ਭਗਵਾਨ ਰਾਮ ਦੇ ਨਾਅਰੇ ਲਾਉਣ 'ਤੇ ਦੂਜੇ ਧਿਰ ਨੇ ਇਤਰਾਜ਼ ਪ੍ਰਗਟ ਕੀਤਾ। ਇਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਝੜਪ ਹੋ ਗਈ।
ਹਲਾਂਕਿ, ਜਾਣਕਾਰੀ ਮਿਲਦੇ ਹੀ ਇੱਕ ਮੈਜਿਸਟ੍ਰੇਟ ਅਤੇ ਸੀਨੀਅਰ ਪੁਲਿਸ ਅਧਿਕਾਰੀ ਨੇ ਘਟਨਾ ਵਾਲੀ ਥਾਂ ਦਾ ਦੌਰਾ ਵੀ ਕੀਤਾ। ਇਸ ਘਟਨਾ 'ਚ ਦੋਹਾਂ ਧਿਰਾਂ ਦੇ ਲੋਕ ਜ਼ਖਮੀ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਹਲਾਤਾਂ 'ਤੇ ਕਾਬੂ ਪਾਉਣ ਅਤੇ ਹਿੰਸਾ ਨੂੰ ਹੋਰ ਵੱਧਣ ਤੋਂ ਰੋਕਣ ਲਈ ਇਲਾਕੇ 'ਚ ਵਾਧੂ ਸੁਰੱਖਿਆ ਬਲ ਤੇ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਹੈ।