ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਦਿੱਲੀ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਕੇਜਰੀਵਾਲ ਨੇ ਇੱਕ ਵੀਡੀਓ ਰਾਹੀਂ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਦਾ ਸਭ ਤੋਂ ਵੱਡਾ ਸੰਦੇਸ਼ ਮਨੁੱਖਤਾ ਦੀ ਸੇਵਾ ਸੀ। ਗੁਰੂ ਸਾਹਿਬ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਆਪਣੇ ਤਨ, ਮਨ ਅਤੇ ਧਨ ਨਾਲ ਲੋਕਾਂ ਦੀ ਪੂਰੀ ਸੇਵਾ ਕਰਨੀ ਚਾਹਿਦੀ ਹੈ।
'ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਬੈਠੇ ਨੇ ਕਿਸਾਨ'
ਕਿਸਾਨੀ ਅੰਦੋਲਨ ਦਾ ਜ਼ਿਕਰ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਸਾਡੇ ਦੇਸ਼ ਦੇ ਕਿਸਾਨ ਦਿੱਲੀ-ਹਰਿਆਣਾ ਸਰਹੱਦ ਅਤੇ ਦਿੱਲੀ-ਯੂਪੀ ਸਰਹੱਦ ‘ਤੇ ਬਹੁਤ ਪ੍ਰੇਸ਼ਾਨ ਹਨ। ਉਹ ਪਿਛਲੇ 5-6 ਦਿਨਾਂ ਤੋਂ ਦੇਸ਼ ਦੀਆਂ ਵੱਖ ਵੱਖ ਥਾਵਾਂ ਤੋਂ ਦਿੱਲੀ ਸਰਹੱਦ ‘ਤੇ ਆਪਣੀਆਂ ਮੰਗਾਂ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਬੈਠੇ ਹਨ। ਕੇਜਰੀਵਾਲ ਨੇ ਕਿਹਾ ਕਿ ਮੈਂ ਸੋਚ ਰਿਹਾ ਸੀ ਕਿ ਜਦੋਂ ਅਸੀਂ ਆਪਣੇ ਘਰਾਂ ਦੇ ਅੰਦਰ ਇੰਨੀ ਠੰਡ ਮਹਿਸੂਸ ਕਰ ਰਹੇ ਹਾਂ, ਤਾਂ ਸਾਡੇ ਕਿਸਾਨ ਭਰਾ ਇੰਨੀ ਠੰਡ ਵਿੱਚ ਰਾਤ ਨੂੰ ਆਸਮਾਨ ਹੇਠ ਕਿਵੇਂ ਸੌਂਣਗੇ?
ਕਿਸਾਨਾਂ ਦੀ ਸੇਵਾ ਵਿੱਚ ‘ਆਪ’ ਵਰਕਰ
ਮੁੱਖ ਮੰਤਰੀ ਨੇ ਉਮੀਦ ਜਤਾਈ ਹੈ ਕਿ ਜਲਦ ਤੋਂ ਜਲਦ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇਗੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਲੱਭੇਗੀ। ਉਨ੍ਹਾਂ ਕਿਹਾ ਕਿ ਸਾਰੇ ਵਰਕਰ, ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਲੋਕ ਕਿਸਾਨਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਮੈਂ ਸਾਰਿਆਂ ਨੂੰ ਕਿਹਾ ਹੈ ਕਿ ਉਹ ਕਿਸਾਨਾਂ ਲਈ ਭੋਜਨ, ਡਾਕਟਰੀ, ਪਾਣੀ ਅਤੇ ਪਖਾਨਾ ਆਦਿ ਦੀ ਜੋ ਵੀ ਜ਼ਰੂਰਤ ਉਸ ਨੂੰ ਪੂਰਾ ਕਰਨ। ਮੁੱਖ ਮੰਤਰੀ ਨੇ ਵੀ ਦਿੱਲੀ ਦੇ ਲੋਕਾਂ ਨੂੰ ਕਿਸਾਨ ਭਰਾਵਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ ਹੈ।