ਨਵੀਂ ਦਿੱਲੀ: ਬੀਤੇ ਦਿਨੀਂ ਸੋਮਵਾਰ ਨੂੰ ਲੋਕ ਸਭਾ 'ਚ ਦੇਰ ਰਾਤ ਚੱਲੀ ਚਰਚਾ ਤੋਂ ਨਾਗਰਿਕਤਾ ਸੋਧ ਬਿਲ ਪਾਸ ਕਰ ਦਿੱਤਾ ਗਿਆ। ਬਿੱਲ ਦੇ ਹੱਕ ਵਿੱਚ 311 ਅਤੇ ਇਸ ਦੇ ਵਿਰੋਧ ਵਿੱਚ 80 ਵੋਟਾਂ ਪਈਆਂ। ਇਸ ਦਾ ਅਗਲਾ ਪੜਾਅ ਰਾਜ ਸਭਾ ਹੈ, ਜਿਥੇ ਇਸ ਨੂੰ ਭਲਕੇ ਪੇਸ਼ ਕੀਤਾ ਜਾਵੇਗਾ।
ਭਾਜਪਾ ਇਸ ਬਿੱਲ ਨੂੰ ਪਾਸ ਕਰਵਾ ਸਕਦੀ ਹੈ ਕਿ ਨਹੀਂ, ਇਹ ਦੇਖਣ ਵਾਲੀ ਗੱਲ ਹੋਵੇਗੀ। ਮੌਜੂਦਾ ਰਾਜ ਸਭਾ 'ਚ ਕੁੱਲ 240 ਮੈਂਬਰ ਹਨ। ਇਸ ਲਈ ਬਿੱਲ ਪਾਸ ਹੋਣ ਲਈ ਬਹੁਮਤ ਲਈ 121 ਮੈਂਬਰਾਂ ਦੀ ਸਮਰੱਥਨ ਦੀ ਲੋੜ ਹੈ ਪਰ ਭਾਜਪਾ ਦੇ ਕੋਲ ਕੇਵਲ 83 ਮੈਂਬਰ ਹਨ ਤੇ ਭਾਜਪਾ ਨੂੰ ਪੂਰਨ ਵਿਸ਼ਵਾਸ ਹੈ ਕਿ ਉਸ ਨੂੰ ਇਸ ਬਿੱਲ 'ਤੇ ਪੂਰਾ ਸਮਰਥਨ ਮਿਲੇਗਾ ਤੇ ਬਿੱਲ ਪਾਸ ਹੋ ਜਾਵੇਗਾ।
ਰਾਜ ਸਭਾ 'ਚ ਭਾਜਪਾ ਲਈ ਬਿੱਲ ਪਾਸ ਕਰਵਾਉਣ ਮੁਸ਼ਕਿਲ ਹੋ ਸਕਦੀ ਹੈ। ਹਾਲੇ ਤੱਕ ਬਸਪਾ, ਐਨਸੀਪੀ ਤੇ ਸ਼ਿਵ ਸੈਨਾ ਇਸ ਬਿੱਲ ਦੇ ਬਾਰੇ ਰੁੱਖ ਸਪੱਸ਼ਟ ਨਹੀਂ ਕੀਤਾ ਹੈ। ਜਿੱਥੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਸ ਬਿਲ ਨੂੰ ਸੰਵਿਧਾਨ 'ਤੇ ਹਮਲਾ ਦੱਸਿਆ ਹੈ ਉੱਥੇ ਹੀ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਕਿਹਾ ਕਿ ਜਦੋਂ ਤੱਕ ਚੀਜ਼ਾਂ ਸਪੱਸ਼ਟ ਨਹੀਂ ਹੋ ਜਾਂਦੀਆਂ ਉਹ ਨਾਗਰਿਕਤਾ ਸੋਧ ਬਿਲ ਦਾ ਸਮਰਥਨ ਨਹੀਂ ਕਰਨਗੇ।