ਨਵੀਂ ਦਿੱਲੀ: ਰਾਜਧਾਨੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਤੋਂ ਸਿਕਊਰਟੀ ਚੈਕਿੰਗ ਦੇ ਦੌਰਾਨ ਸੀਆਈਐਸਐਫ ਨੇ ਇਸ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਯਾਤਰੀ ਕੋਲੋਂ ਤਕਰੀਬਨ 42 ਲੱਖ 35 ਹਜ਼ਾਰ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਯਾਤਰੀ ਦਾ ਨਾਂਅ ਮੁਹੰਮਦ ਅਰਸ਼ੀ ਹੈ ਤੇ ਉਹ ਦੁੱਬਈ ਜਾ ਰਿਹਾ ਸੀ।
ਸ਼ੱਕ ਦੇ ਆਧਾਰ 'ਤੇ ਕੀਤੀ ਜਾਂਚ
ਸੀਆਈਐਸਐਫ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਸੁਰੱਖਿਆ ਖੇਤਰ 'ਚ ਡਿਊਟੀ ਦੇ ਰਹੇ ਸੀਆਈਐਸਐਫ ਦੇ ਜਵਾਨਾਂ ਨੂੰ ਸ਼ੁਰੂਆਤੀ ਚੈਕਿੰਗ ਦੌਰਾਨ ਯਾਤਰੀ 'ਤੇ ਸ਼ੱਕ ਹੋਇਆ। ਇਸ ਤੋਂ ਬਾਅਦ ਸੀਆਈਐਸਐਫ ਦੇ ਜਵਾਨਾਂ ਨੇ ਯਾਤਰੀ ਅਤੇ ਉਸ ਦੇ ਸਾਮਾਨ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਯਾਤਰੀ ਕੋਲੋਂ 1,97,500 ਸਾਊਦੀ ਰਿਆਲ ਅਤੇ 2000 ਕੁਵੈਤ ਦੀਨਾਰ ਬਰਾਮਦ ਕੀਤੇ ਗਏ। ਉਸ ਨੇ ਕਰੰਸੀ ਨੂੰ ਪਰਫਿਊਮ ਦੀਆਂ ਬੋਤਲਾਂ ਤੇ ਕਪੜੇ ਨਾਲ ਤਿਆਰ ਕੀਤੇ ਗਏ ਛੋਟੇ-ਛੋਟੇ ਬੈਗਾਂ 'ਚ ਲੁੱਕੋ ਕੇ ਰੱਖਿਆ ਸੀ।
ਮੁਲਜ਼ਮ ਕੋਲ ਨਹੀਂ ਕੋਈ ਸਹੀ ਦਾਸਤਾਵੇਜ਼
ਪੁੱਛਗਿੱਛ ਦੌਰਾਨ ਵਿਦੇਸ਼ੀ ਕਰੰਸੀ ਦੇ ਸਬੰਧ ਵਿੱਚ ਮੁਲਜ਼ਮ ਕੋਈ ਵੀ ਸਹੀ ਦਸਤਾਵੇਜ਼ ਤੇ ਕਾਗਜ਼ਾਤ ਵਿਖਾਉਣ 'ਚ ਨਾਕਾਮਯਾਬ ਰਿਹਾ। ਇਸ ਤੋਂ ਬਾਅਦ ਸੀਆਈਐਸਐਫ ਮੁਲਾਜ਼ਮਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਤੇ ਕਸਟਮ ਵਿਭਾਗ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ। ਬਰਾਮਦ ਕੀਤੀ ਗਈ ਵਿਦੇਸ਼ੀ ਕਰੰਸੀ ਕਸਟਮ ਵਿਭਾਗ ਵੱਲੋਂ ਜ਼ਬਤ ਕਰ ਲਈ ਗਈ ਹੈ ਤੇ ਯਾਤਰੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਪੁੱਛਗਿੱਛ ਜਾਰੀ ਹੈ।