ਨਵੀਂ ਦਿੱਲੀ: ਭਾਰਤ-ਚੀਨ ਵਿਚਾਲੇ ਵਿਗੜ ਰਹੇ ਦੁਵੱਲੇ ਸਬੰਧਾਂ ਦਾ ਭਾਰਤ ਵਿੱਚ ਵਸਦੇ ਚੀਨੀ ਪ੍ਰਵਾਸੀਆਂ ਉੱਤੇ ਕੋਈ ਅਸਰ ਨਹੀਂ ਹੋਇਆ ਹੈ। ਉਦਯੋਗ ਜਗਤ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਚੀਨ-ਭਾਰਤ ਵਿਚਾਲੇ ਚੱਲ ਰਹੇ ਤਣਾਅ ਦੇ ਬਾਅਦ ਵੀ ਚੀਨੀ ਪ੍ਰਵਾਸੀਆਂ ਨੇ ਭਾਰਤ ਛੱਡਣ ਦੀ ਕੋਈ ਇੱਛਾ ਜ਼ਾਹਰ ਨਹੀਂ ਕੀਤੀ ਹੈ।
ਜਾਣਕਾਰੀ ਮੁਤਾਬਕ ਭਾਰਤ ਵਿੱਚ ਕਰੀਬ 20 ਹਜ਼ਾਰ ਚੀਨੀ ਲੋਕ ਨੌਕਰੀ ਜਾਂ ਕਾਰੋਬਾਰ ਦੇ ਸਿਲਸਿਲੇ 'ਚ ਰਹਿੰਦੇ ਹਨ। ਹਾਲਾਂਕਿ ਇਨ੍ਹਾਂ ਵਿਚੋਂ ਕਈ ਜਨਵਰੀ ਵਿੱਚ ਵਾਪਸ ਚੀਨ ਚਲੇ ਗਏ ਸਨ ਅਤੇ ਕੋਰੋਨਾ ਵਾਇਰਸ ਨਾਲ ਲੱਗੇ ਲੌਕਡਾਊਨ ਕਾਰਨ ਉਹ ਵਾਪਸ ਨਹੀਂ ਆਏ। ਅਜਿਹੇ ਵਿੱਚ ਭਾਰਤ ਵਿੱਚ ਰਹਿ ਰਹੇ ਚੀਨੀ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਰਤ ਵਿੱਚ ਰਹਿੰਦੇ ਹੋਏ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ ਅਤੇ ਅਜੇ ਉਨ੍ਹਾਂ ਦਾ ਆਪਣੇ ਦੇਸ਼ ਵਾਪਸ ਜਾਣ ਦਾ ਵੀ ਕੋਈ ਇਰਾਦਾ ਨਹੀਂ ਹੈ।
ਏਸ਼ੀਅਨ ਕਮਿਊਨਿਟੀ ਨਿਊਜ਼ ਦੇ ਸੰਪਾਦਕ ਸੰਜੀਵ ਕੇ. ਆਹੂਜਾ ਨੇ ਕਿਹਾ ਕਿ ਬਹੁਤ ਸਾਰੇ ਚੀਨੀ ਜੋ ਛੁੱਟੀਆਂ ਮਨਾਉਣ ਲਈ ਘਰ ਗਏ ਸਨ, ਉਹ ਕਈ ਮਹੀਨਿਆਂ ਤੋਂ ਉਥੇ ਫ਼ਸੇ ਹੋਏ ਹਨ। ਉਹ ਜਲਦੀ ਤੋਂ ਜਲਦੀ ਭਾਰਤ ਵਾਪਸ ਪਰਤਣ ਅਤੇ ਆਪਣਾ ਕਾਰੋਬਾਰ ਮੁੜ ਤੋਂ ਸ਼ੁਰੂ ਕਰਨ ਦੇ ਚਾਹਵਾਨ ਹਨ।
ਸਰਹੱਦੀ ਟਕਰਾਅ ਤੋਂ ਬਾਅਦ ਭਾਰਤ ਵਿੱਚ ਚੀਨੀ ਮਾਲ ਦੇ ਬਾਈਕਾਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਚੀਨ ਅਤੇ ਹਾਂਗ ਕਾਂਗ ਨਾਲ ਭਾਰਤ ਦੇ ਵਪਾਰ ਵਿੱਚ ਸਾਲ 2019-20 ਵਿੱਚ ਸੱਤ ਫੀਸਦੀ ਦੀ ਗਿਰਾਵਟ ਵੇਖਣ ਨੂੰ ਮਿਲੀ ਹੈ, ਜੋ ਕਿ ਪਿਛਲੇ ਸੱਤ ਸਾਲਾਂ ਵਿੱਚ ਸਭ ਤੋਂ ਵੱਧ ਹੈ।
ਇਹ ਵੀ ਪੜੋ: ਭਾਰਤ-ਚੀਨ ਵਿਵਾਦ: ਹਿੰਸਾ ਤੋਂ ਪਹਿਲਾਂ ਚੀਨ ਨੇ ਸਰਹੱਦ 'ਤੇ ਭੇਜੇ ਸਨ ਮਾਰਸ਼ਲ ਆਰਟ ਲੜਾਕੂ
ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ਵਿੱਚ ਪਿਛਲੇ ਦਿਨੀਂ ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਹੋਈ ਝੜਪ ਵਿੱਚ ਭਾਰਤ ਦੇ ਕਰੀਬ 20 ਜਵਾਨ ਸ਼ਹੀਦ ਹੋ ਗਏ ਸਨ। ਉਥੇ ਹੀ ਚੀਨ ਦੇ ਵੀ ਕਈ ਜਵਾਨਾਂ ਦੀ ਮੌਤ ਹੋਈ ਸੀ।