ਨਵੀਂ ਦਿੱਲੀ: ਭਾਰਤ-ਚੀਨ ਵਿਚਕਾਰ ਉੱਚ ਪੱਧਰੀ ਫੌਜੀ ਗੱਲਬਾਤ ਦੇ ਸੱਤਵੇਂ ਗੇੜ ਦੀ ਅੱਜ ਬੈਠਕ ਹੋਵੇਗੀ। ਇਹ ਬੈਠਕ ਪੂਰਬੀ ਲੱਦਾਖ 'ਚ ਐਲਏਸੀ ਨਾਲ ਭਾਰਤ ਵਾਲੇ ਪਾਸੇ ਚੁਸ਼ੂਲ 'ਚ ਹੋਵੇਗੀ।
ਸੂਤਰਾਂ ਅਨੁਸਾਰ ਦੋਵਾਂ ਪਾਸਿਆਂ ਦੇ ਡਿਪਲੋਮੈਟ ਵੀ ਮੀਟਿੰਗ ਵਿੱਚ ਹਿੱਸਾ ਲੈ ਸਕਦੇ ਹਨ।
ਇਸ ਬੈਠਕ 'ਚ ਭਾਰਤ ਅਸਲ ਕੰਟਰੋਲ ਰੇਖਾ ਦੇ ਨਾਲ ਟਕਰਾਅ ਵਾਲੇ ਖੇਤਰਾਂ 'ਚ ਫੌਜ ਨੂੰ ਜਲਦ ਤੋਂ ਜਲਦ ਅਤੇ ਮੁਕੰਮਲ ਰੂਪ 'ਚ ਪਿੱਛੇ ਹਟਾਉਣ 'ਤੇ ਜ਼ੋਰ ਪਾਵੇਗਾ। ਸੁਤਰਾਂ ਅਨੁਸਾਰ ਗੱਲਬਾਤ ਦਾ ਮੁੱਖ ਏਜੰਡਾ ਟਕਰਾਅ ਵਾਲੇ ਸਾਰੇ ਖੇਤਰਾਂ 'ਚੋਂ ਫੌਜਾਂ ਦੀ ਵਾਪਸੀ ਲਈ ਕੋਈ ਪੱਕਾ ਖਾਕਾ ਤਿਆਰ ਕਰਨਾ ਹੋਵੇਗਾ।
ਸੀਐਸਜੀ ਦੇ ਉੱਚ ਮੰਤਰੀਆਂ ਅਤੇ ਫੌਜੀ ਅਧਿਕਾਰੀਆਂ ਨੇ ਪੂਰਬੀ ਲਦਾਖ ਚ ਸ਼ੁੱਕਰਵਾਰ ਨੂੰ ਹਾਲਾਤਾਂ ਦੀ ਸਮੀਖਿਆ ਕੀਤੀ ਸੀ ਅਤੇ ਬੈਠਕ 'ਚ ਚੁੱਕੇ ਜਾਣ ਵਾਲੇ ਪ੍ਰਮੁੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਸੀ।
ਭਾਰਤੀ ਪ੍ਰਤੀਨਿਧੀ ਮੰਡਲ ਦੀ ਪ੍ਰਧਾਨਗੀ ਭਾਰਤੀ ਫੌਜ ਦੀ ਲੇਹ ਸਥਿਤ 14 ਕੋਰ ਦੇ ਕਮਾਂਡਰ ਲੈਫਟੀਨੈਂਟ ਹਰਿੰਦਰ ਸਿੰਘ ਕਰਨਗੇ।
ਪਹਿਲੀ ਵਾਰ ਅਜਿਹਾ ਹੋਵੇਗਾ ਕਿ ਚੀਨੀ ਵਿਦੇਸ਼ ਮੰਤਰਾਲੇ ਦਾ ਕੋਈ ਅਧਿਕਾਰੀ ਕੋਰ ਕਮਾਂਡਰ ਦੀ ਬੈਠਕ 'ਚ ਹਿੱਸਾ ਲਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਅਤੇ ਚੀਨ ਵਿਚਕਾਰ 6 ਜੂਨ, 22 ਜੂਨ, 30 ਜੂਨ, 14 ਜੁਲਾਈ, 2 ਅਗਸਤ ਅਤੇ 21 ਸਤੰਬਰ ਨੂੰ ਕਮਾਂਡਰ ਪੱਧਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਇਹ ਸਾਰੀਆਂ ਗੱਲਬਾਤਾਂ ਬੇਸਿੱਟਾ ਹੀ ਰਹੀਆਂ।