ਨਵੀਂ ਦਿੱਲੀ: ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਅਰੁਣਾਚਲ ਪ੍ਰਦੇਸ਼ ਦੇ ਉਨ੍ਹਾਂ 5 ਨੌਜਵਾਨਾਂ ਨੂੰ ਸ਼ਨੀਵਾਰ ਨੂੰ ਭਾਰਤ ਨੂੰ ਸੌਂਪ ਦਿੱਤਾ, ਜੋ ਕਿ ਪਿਛਲੇ ਦਿਨੀਂ ਲਾਪਤਾ ਹੋ ਗਏ ਸਨ। ਇਹ ਜਾਣਕਾਰੀ ਫ਼ੌਜ ਦੇ ਸੂਤਰਾਂ ਤੋਂ ਮਿਲੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਕਿਰਣ ਰਿਜਿਜੂ ਨੇ ਵੀ ਇਸ ਬਾਬਤ ਟਵੀਟ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਚੀਨੀ PLA ਨੇ ਭਾਰਤੀ ਫ਼ੌਜ ਨੂੰ ਅਰੁਣਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ ਭਾਰਤ ਨੂੰ ਸੌਂਪਣ ਦੀ ਪੁਸ਼ਟੀ ਕੀਤੀ ਹੈ।
ਦੱਸ ਦਈਏ, ਪਿਛਲੇ ਸ਼ਨੀਵਾਰ ਨੂੰ ਇੱਕ ਪ੍ਰਮੁੱਖ ਸਥਾਨਕ ਅਖ਼ਬਾਰ ਨੇ ਇੱਕ ਰਿਪੋਰਟ ਛਾਪੀ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਤਾਗਿਨ ਭਾਈਚਾਰੇ ਦੇ 5 ਲੋਕ, ਜੋ ਕਿ ਨਾਚੋ ਸ਼ਹਿਰ ਦੇ ਨੇੜਲੇ ਇੱਕ ਪਿੰਡ ਦੇ ਰਹਿਣ ਵਾਲੇ ਹਨ, ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਸੀ।
ਅਖ਼ਬਾਰ ਨੇ ਲਿਖਿਆ ਕਿ ਇਸ ਕਥਿਤ ਅਗਵਾ ਵੇਲੇ ਉਹ ਜੰਗਲ ਵਿੱਚ ਸ਼ਿਕਾਰ ਕਰਨ ਲਈ ਗਏ ਸਨ। ਰਿਪੋਰਟ ਇੱਕ ਰਿਸ਼ਤੇਦਾਰ ਦੇ ਹਵਾਲੇ ਤੋਂ ਛਾਪੀ ਗਈ ਸੀ ਜਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੌਜਵਾਨਾਂ ਨੂੰ ਚੀਨ ਦੀ ਫ਼ੌਜ ਵੱਲੋਂ ਅਗਵਾ ਕਰ ਲਿਆ ਗਿਆ ਸੀ। ਇਹ ਦਾਅਵਾ ਇੱਕ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਕੀਤਾ ਗਿਆ ਸੀ ਜੋ ਵੇਖਦਿਆਂ ਹੀ ਵੇਖਦਿਆਂ ਵਾਇਰਲ ਹੋ ਗਿਆ।