ਨਵੀਂ ਦਿੱਲੀ: ਆਈਸੀਆਈਸੀਆਈ ਬੈਂਕ ਦੀ ਸਾਬਕਾ ਮੁਖੀ ਚੰਦਾ ਕੋਚਰ ਵੀਡਿਓਕਾਨ ਕਰਜ਼ ਮਾਮਲੇ ਵਿੱਚ ਪੁੱਛਗਿੱਛ ਲਈ ਸੋਮਵਾਰ ਨੂੰ ਈਡੀ ਦੇ ਸਾਹਮਣੇ ਪੇਸ਼ ਹੋਈ।
ਕੋਚਰ ਈਡੀ ਦੇ ਸਾਹਮਣੇ ਸਵੇਰੇ 10.35 ਵਜੇ ਪੇਸ਼ ਹੋਣ ਪਹੁੰਚੀ।
ਕੋਚਰ ਦੇ 5 ਮਈ ਨੂੰ ਈਡੀ ਦੇ ਸਾਹਮਣੇ ਪੇਸ਼ ਨਾ ਹੋਣ 'ਤੇ ਆਰਥਿਕ ਜਾਂਚ ਏਜੰਸੀ ਨੂੰ ਪਿਛਲੇ ਹਫ਼ਤੇ ਉਸ ਨੂੰ ਆਪਣਾ ਬਿਆਨ ਦਰਜ਼ ਕਰਵਾਉਣ ਲਈ ਸੰਮਨ ਭੇਜਿਆ ਸੀ।
ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ 2009 ਅਤੇ 2011 ਦੌਰਾਨ ਆਈਸੀਆਈਸੀਆਈ ਬੈਂਕ ਵਲੋਂ ਵੀਡਿਓਕਾਨ ਗਰੁੱਪ ਨੂੰ 1,875 ਕਰੋੜ ਰੁਪਏ ਦੇ ਕਰਜ਼ ਨੂੰ ਮਨਜ਼ੂਰੀ ਦੇਣ ਵਿੱਚ ਕਥਿਤ ਵਿੱਤੀ ਬੇਨਿਯਮੀ ਅਤੇ ਭ੍ਰਿਸ਼ਟ ਕਾਰਵਾਈ ਨਾਲ ਸਬੰਧਤ ਹੈ। ਈਡੀ ਨੂੰ ਨਜਾਇਜ਼ ਲੈਣ-ਦੇਣ ਨਾਲ ਸਬੰਧਤ ਸਬੂਤ ਮਿਲੇ ਸਨ ਜਿਸ ਨਾਲ ਨਿਉਪਾਵਰ ਨੂੰ ਕਰੋੜਾਂ ਰੁਪਏ ਦਿੱਤੇ ਗਏ ਸਨ।
ਈਡੀ ਨੇ ਮਾਰਚ ਵਿੱਚ ਜਾਂਚ ਦੌਰਾਨ ਕੋਚਰ ਦੇ ਘਰ ਅਤੇ ਦਫ਼ਤਰ ਵਾਲਿਆਂ ਥਾਵਾਂ ਦੀ ਲੜੀਵਾਰ ਤਲਾਸ਼ੀ ਲਈ ਸੀ ਅਤੇ ਚੰਦਾ ਤੇ ਉਸ ਦੇ ਪਤੀ ਦੀਪਕ ਕੋਚਰ ਦੇ ਨਾਲ-ਨਾਲ ਵੀਡਿਓਕਾਨ ਗਰੁੱਪ ਦੇ ਪ੍ਰੋਮੋਟਰ ਵੇਣੂਗੋਪਾਲ ਧੂਤ ਤੋਂ ਵੀ ਪੁੱਛਗਿੱਛ ਕੀਤੀ ਸੀ।
ਇਸ ਸਮੇਂ ਵੀਡਿਓਕਾਨ 'ਤੇ 40,000 ਕਰੋੜ ਰੁਪਏ ਦਾ ਕਰਜ਼ ਹੈ, ਜਿਸ ਵਿਚੋਂ 3,250 ਕਰੋੜ ਰੁਪਏ ਦਾ ਕਰਜ਼ ਆਈਸੀਆਈਸੀਆਈ ਬੈਂਕ ਨੇ ਦਿੱਤਾ ਸੀ। ਬੈਂਕ ਨੇ ਬਕਾਇਆ ਕਰਜ਼ 2,810 ਕਰੋੜ ਰੁਪਏ ਨੂੰ ਗ਼ੈਰ-ਲਾਗੂ ਸੰਪਤੀ (ਐੱਨਪੀਏ) ਐਲਾਨ ਦਿੱਤਾ ਸੀ।