ਨਵੀਂ ਦਿੱਲੀ: ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਵੱਲੋਂ ਲਾਏ ਜਾ ਰਹੀ ਸਰਵਿਸ ਫ਼ੀਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ 'ਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਨੇ ਪੀਐਮ ਮੋਦੀ ਤੋਂ ਮੰਗ ਕੀਤੀ ਹੈ ਕਿ ਸਰਵਿਸ ਚਾਰਜ ਲਗਾਉਣ ਦੇ ਪ੍ਰਸਤਾਵ ਨੂੰ ਵਾਪਸ ਲੈਣ ਲਈ ਭਾਰਤ ਸਰਕਾਰ ਪਾਕਿਸਤਾਨ 'ਤੇ ਦਬਾਅ ਬਣਾਏ ਤਾਂ ਜੋ ਇਹ ਫ਼ੀਸ ਨੂੰ ਹਟਾਇਆ ਜਾ ਸਕੇ।
ਇਸ ਤੋਂ ਪਹਿਲਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਹਰ ਅਮੀਰ-ਗਰੀਬ ਸਿੱਖ ਦਰਸ਼ਨ ਕਰਨਾ ਚਾਹੁੰਦਾ ਹੈ। ਫੀਸ ਲਾਉਣ ਨਾਲ ਕਈ ਲੋਕ ਇਸ ਤੋਂ ਵਾਂਝੇ ਰਹਿ ਜਾਣਗੇ। ਇਸ ਲਈ ਪਾਕਿਸਤਾਨ ਨੂੰ ਕੋਈ ਫੀਸ ਨਹੀਂ ਵਸੂਲਣੀ ਚਾਹੀਦੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤ ਤੋਂ ਜੋ ਵੀ ਸ਼ਰਧਾਲੂ ਨਨਕਾਣਾ ਸਾਹਿਬ ਦਰਸ਼ਨਾਂ ਲਈ ਆਵੇਗਾ ਉਸ ਨੂੰ ਪਾਕਿ ਸਰਕਾਰ ਨੂੰ 1400 ਰੁਪਏ ਯਾਨੀ ਕਿ 20 ਡਾਲਰ ਸਰਵਿਸ ਫ਼ੀਸ ਦੇ ਰੂਪ 'ਚ ਦੇਣਾ ਹੀ ਪਵੇਗਾ।
ਇਸ ਤੋਂ ਇਲਾਵਾ ਡਾ. ਮੁਹੰਮਦ ਫੈਜ਼ਲ ਨੇ ਕਿਹਾ ਕਿ ਪਾਕਿ ਐਂਟਰੀ ਫੀਸ ਦੇ ਤੌਰ ‘ਤੇ ਇਹ ਪੈਸੇ ਨਹੀਂ ਲੈ ਰਿਹਾ, ਇਹ ਸਰਵਿਸ ਫੀਸ ਹੈ ਜੋ ਹਰੇਕ ਸ਼ਰਧਾਲੂ ਨੂੰ ਦੇਣੀ ਪਵੇਗੀ। ਉੱਧਰ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਆਪਣੇ ਨਿਸ਼ਚਤ ਸਮੇਂ ’ਚ ਮੁਕੰਮਲ ਹੋਵੇਗੀ। ਇਸ ਵਿੱਚ ਕਿਸੇ ਕਿਸਮ ਦਾ ਕੋਈ ਅੜਿੱਕਾ ਨਹੀਂ ਹੈ।