ਨਵੀਂ ਦਿੱਲੀ: ਭਾਰਤ ਵੱਲੋਂ 36 ਰਾਫੇਲ ਜਹਾਜ਼ਾਂ ਨੂੰ ਖਰੀਦਣ ਲਈ ਫਰਾਂਸ ਨਾਲ ਕੀਤੇ ਗਏ 59 ਹਜ਼ਾਰ ਕਰੋੜ ਦੇ ਸਮਝੌਤੇ ਤੋਂ ਲਗਪਗ ਚਾਰ ਸਾਲ ਬਾਅਦ ਪਹਿਲੇ 5 ਰਾਫੇਲ ਜਹਾਜ਼ਾਂ ਦੀ ਖੇਪ ਭਾਰਤ ਲਿਆਂਦੀ ਜਾ ਰਹੀ ਹੈ। ਸੋਮਵਾਰ ਨੂੰ ਇਨ੍ਹਾਂ ਦੀ ਫਰਾਂਸ ਤੋਂ ਭਾਰਤ ਲਈ ਰਵਾਨਗੀ ਹੋ ਚੁੱਕੀ ਹੈ। ਫਰਾਂਸ ਤੋਂ ਆ ਰਹੇ 5 ਰਾਫੇਲ ਜਹਾਜ਼ਾਂ ਦਾ ਪਹਿਲਾ ਜਥਾ ਸੰਯੁਕਤ ਅਰਬ ਅਮੀਰਾਤ ਪਹੁੰਚ ਚੁੱਕਿਆ ਹੈ। ਜੋ ਕਿ ਬੁੱਧਵਾਰ ਨੂੰ ਭਾਰਤ ਵਿੱਚ ਪਹੁੰਚਣਗੇ। ਦੱਸ ਦੇਈਏ ਕਿ ਯੂਏਈ ਦੇ ਹਵਾਈ ਅੱਡੇ ਉੱਤੇ ਜਹਾਜ਼ਾਂ ਦੀ ਲੈਂਡਿੰਗ ਪਾਇਲਟਸ ਨੂੰ ਆਰਾਮ ਦੇਣ ਲਈ ਹੋਈ ਹੈ।
ਅੰਬਾਲਾ 'ਚ ਕੀਤੇ ਜਾਣਗੇ ਤਾਇਨਤ
ਫਰਾਂਸ ਤੋਂ ਭਾਰਤ ਆ ਰਹੇ 5 ਰਾਫੇਲ ਲੜਾਕੂ ਜਹਾਜ਼ ਬੁੱਧਵਾਰ ਨੂੰ ਅੰਬਾਲਾ ਏਅਰਬੇਸ ‘ਤੇ ਪਹੁੰਚਣਗੇ ਰਸਮੀ ਤੌਰ ‘ਤੇ ਹਵਾਈ ਫੌਜ ਦੇ ਬੇੜੇ ਵਿੱਚ ਇਨ੍ਹਾਂ ਨੂੰ 15 ਅਗਸਤ ਤੋਂ ਬਾਅਦ ਹੀ ਸ਼ਾਮਲ ਕੀਤਾ ਜਾਵੇਗਾ। ਭਾਰਤੀ ਹਵਾਈ ਫੌਜ ਨੇ ਰਾਫ਼ੇਲ ਦੇ ਸਵਾਗਤ ਦੀ ਪੂਰੀ ਤਿਆਰੀ ਕਰ ਲਈ ਹੈ। ਦਰਅਸਲ ਅੰਬਾਲਾ ਪਾਕਿਸਤਾਨ ਅਤੇ ਚੀਨ ਦਾ ਸਰਹੱਦ ਤੋਂ 220 ਤੋਂ 300 ਕਿਲੋਮੀਟਰ ਦੀ ਦੂਰੀ 'ਤੇ ਹੈ। ਅਜਿਹਾ ਕਰਕੇ ਭਾਰਤ ਨੇ ਹਮਲਵਾਰ ਚੀਨ ਦੇ ਨਾਲ ਹੀ ਪਾਕਿਸਤਾਨ ਨੂੰ ਵੀ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਜੇਕਰ ਉਸ ਨੇ ਚੀਨ ਦੇ ਇਸ਼ਾਰੇ 'ਤੇ ਕਿਸੇ ਤਰ੍ਹਾਂ ਦਾ ਦੂਰਸਾਹਸ ਕੀਤਾ ਤਾਂ ਉਸ 'ਤੇ ਪਲਟਵਾਰ ਕਰਨ 'ਚ ਭਾਰਤ ਦੇਰ ਨਹੀਂ ਕਰੇਗਾ।
ਪਹਿਲਾ ਰਾਫੇਲ ਕੈਪਟਨ ਹਰਕੀਰਤ ਸਿੰਘ ਅੰਬਾਲਾ 'ਚ ਕਰਨਗੇ ਲੈਂਡ
ਕੈਪਟਨ ਹਰਕੀਰਤ ਸਿੰਘ ਵੀ ਉਨ੍ਹਾਂ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਵਿੱਚ ਸ਼ਾਮਲ ਹਨ, ਜੋ ਫਰਾਂਸ ਤੋਂ ਰਾਫ਼ੇਲ ਉਡਾ ਕੇ ਭਾਰਤ ਲਿਆ ਰਹੇ ਹਨ। ਇਸ ਤੋਂ ਪਹਿਲਾਂ ਹਰਕੀਰਤ ਸਿੰਘ ਮਿਗ ਅਤੇ ਸੁਖੋਈ ਵੀ ਉਡਾ ਚੁੱਕੇ ਹਨ। ਸਾਲ 2009 ਵਿੱਚ ਗਰੁੱਪ ਕੈਪਟਨ ਹਰਕੀਰਤ ਸਿੰਘ ਨੂੰ ਬਹਾਦਰੀ ਲਈ ਸ਼ੋਰਿਆ ਚੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਹਰਕੀਰਤ ਸਿੰਘ ਨੇ ਕਾਰਗਿਲ ਜੰਗ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਨ੍ਹਾਂ ਨੇ ਫਰਾਂਸ ਵਿੱਚ 6 ਮਹੀਨਿਆਂ ਦੀ ਟਰੇਨਿੰਗ ਵੀ ਕੀਤੀ ਹੈ।
ਅੰਬਾਲਾ ਦੇ 4 ਪਿੰਡਾਂ 'ਚ ਲਗਾਈ 144 ਧਾਰਾ
ਇਸ ਦੇ ਨਾਲ ਹੀ ਅੰਬਾਲਾ ਦੇ ਏਅਰਬੇਸ ਦੇ ਕੋਲ 4 ਪਿੰਡਾਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਰਾਫੇਲ ਜਹਾਜ਼ਾਂ ਦੀ ਲੈਂਡਿਗ ਦੌਰਾਨ ਲੋਕਾਂ ਦੀ ਭੀੜ ਛੱਤਾਂ 'ਤੇ ਜਮ੍ਹਾਂ ਹੋਣ ਅਤੇ ਫੋਟੋਗ੍ਰਾਫੀ 'ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਜੇ ਕੋਈ ਅਜਿਹਾ ਕਰਦਾ ਹੈ ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।