ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ 'ਡਰਾਮੇਬਾਜ਼' ਕਹਿਣਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਨਜ਼ਰੀਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਰਵਾਸੀ ਮਜ਼ਦੂਰਾਂ ਦੇ ਦਰਦ ਅਤੇ ਦੁੱਖਾਂ ਨੂੰ ਉਜਾਗਰ ਕਰਨ ਲਈ ਇੱਕ ਛੋਟੀ ਜਿਹੀ ਡੌਕਿਊਮੈਂਟਰੀ ਬਣਾਈ ਸੀ।
ਵੀਡੀਓ ਕਾਨਫ਼ਰੰਸਿੰਗ ਰਾਹੀਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, "ਮੇਰਾ ਮਕਸਦ ਸਿਰਫ਼ ਗਰੀਬਾਂ, ਮਜ਼ਦੂਰਾਂ ਨਾਲ ਗੱਲ ਕਰਨਾ ਸੀ, ਉਨ੍ਹਾਂ ਤੋਂ ਉਹ ਜਾਨਣਾ ਸੀ ਜੋ ਉਨ੍ਹਾਂ ਦੇ ਦਿਲ ਵਿੱਚ ਜੋ ਹੈ।"
ਉਨ੍ਹਾਂ ਕਿਹਾ, "ਮੈਂ ਉਨ੍ਹਾਂ ਦੇ ਗਿਆਨ ਤੋਂ ਸਿੱਖਣਾ ਚਾਹੁੰਦਾ ਹਾਂ। ਮੈਂ ਸਹਾਇਤਾ ਜਾਰੀ ਰੱਖਾਂਗਾ ਅਤੇ ਜੇ ਉਹ ਮੈਨੂੰ ਇਜਾਜ਼ਤ ਦਿੰਦੇ ਹਨ ਤਾਂ ਮੈਂ ਉਨ੍ਹਾਂ ਦਾ ਸਮਾਨ ਲੈ ਜਾਵਾਂਗਾ ਅਤੇ ਨਾ ਸਿਰਫ ਇੱਕ ਵਿਅਕਤੀ ਦਾ, ਬਲਕਿ 10-15 ਲੋਕਾਂ ਦਾ। ਮੇਰਾ ਇੱਕੋ ਮਕਸਦ ਹੈ, ਦੇਸ਼ ਦੇ ਲੋਕਾਂ ਦੀ ਮਦਦ ਕਰਨਾ।"
ਕਾਂਗਰਸੀ ਨੇਤਾ ਨੇ ਕਿਹਾ, "ਮੈਂ ਪਰਵਾਸੀ ਮਜ਼ਦੂਰਾਂ ਦੇ ਦਰਦ ਨੂੰ ਮਹਿਸੂਸ ਕਰਨ ਅਤੇ ਉਨ੍ਹਾਂ ਦੀ ਦੁਰਦਸ਼ਾ ਜਾਨਣ ਲਈ ਇੱਕ ਛੋਟੀ ਫਿਲਮ ਬਣਾਈ ਹੈ। ਇਸ ਦਾ ਬਹੁਤ ਵੱਡਾ ਪ੍ਰਭਾਵ ਹੋਇਆ ਹੈ। ਇਹ ਸਾਡੀ ਤਾਕਤ ਅਤੇ ਭਵਿੱਖ ਹਨ ਅਤੇ ਜੇ ਅਸੀਂ ਇਨ੍ਹਾਂ ਲੋਕਾਂ ਦੀ ਮਦਦ ਨਹੀਂ ਕਰਦੇ ਤਾਂ ਅਸੀਂ ਕਿਸਦੀ ਮਦਦ ਕਰਾਂਗੇ।"
ਸੀਤਾਰਮਣ 'ਤੇ ਚੁਟਕੀ ਲੈਂਦਿਆਂ ਰਾਹੁਲ ਗਾਂਧੀ ਨੇ ਕਿਹਾ, "ਇਹ ਵਿੱਤ ਮੰਤਰੀ ਦਾ ਨਜ਼ਰੀਆ ਹੈ (ਮੈਨੂੰ ਡਰਾਮੇਬਾਜ਼ ਕਹਿਣਾ), ਇਹ ਠੀਕ ਹੈ, ਅਤੇ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਜੇ ਉਹ ਚਾਹੁੰਦੇ ਹਨ ਕਿ ਮੈਂ ਉੱਤਰ ਪ੍ਰਦੇਸ਼ ਜਾਵਾਂ ਤਾਂ ਮੈਂ ਪੈਦਲ ਜਾਵਾਂਗਾ ਅਤੇ ਦੂਜਿਆਂ ਦੀ ਮਦਦ ਕਰਾਂਗਾ ਜੇ ਉਹ ਮੈਨੂੰ ਆਗਿਆ ਦਿੰਦੇ ਹਨ।"
ਦੱਸਣਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪਿਛਲੇ ਹਫ਼ਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਰਵਾਸੀ ਮਜ਼ਦੂਰਾਂ ਨਾਲ ਕਾਂਗਰਸ ਨੇਤਾ ਦੀ ਮੁਲਾਕਾਤ ਨੂੰ ‘ਡਰਾਮੇਬਾਜ਼ੀ’ ਦੱਸਿਆ ਸੀ।
ਰਾਹੁਲ ਗਾਂਧੀ ਨੇ ਪਰਵਾਸੀ ਮਜ਼ਦੂਰਾਂ ਦੀ ਆਵਾਜਾਈ ਦਾ ਪ੍ਰਬੰਧ ਕੀਤਾ ਸੀ, ਜੋ ਹਰਿਆਣਾ ਤੋਂ ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਆਪਣੇ ਘਰਾਂ ਨੂੰ ਪੈਦਲ ਜਾ ਰਹੇ ਸਨ।
ਉਨ੍ਹਾਂ ਸ਼ਨੀਵਾਰ ਸਵੇਰੇ 16 ਮਿੰਟ ਦੀ ਇੱਕ ਡੌਕਿਊਮੈਂਟਰੀ ਵੀ ਜਾਰੀ ਕੀਤੀ ਜਿਸ ਵਿੱਚ ਉਨ੍ਹਾਂ ਦੀ ਪਰਵਾਸੀਆਂ ਦੇ ਇੱਕ ਸਮੂਹ ਨਾਲ ਗੱਲਬਾਤ ਵੀ ਸ਼ਾਮਲ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸਰਕਾਰ ਮਜ਼ਦੂਰਾਂ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 7,500 ਰੁਪਏ ਜਮਾਂ ਕਰਵਾਏ।