ਨਵੀਂ ਦਿੱਲੀ: ਵਪਾਰੀਆਂ ਦੇ ਇੱਕ ਸੰਗਠਨ ਕਨਫੇਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰਾਸ਼ਟਰੀ ਰਾਜਧਾਨੀ ਦੇ ਬਾਜ਼ਾਰ ਖੇਤਰਾਂ 'ਚ ਮੁੜ ਤੋਂ ਲੌਕਡਾਊਨ ਕਰਨ ਦੇ ਪ੍ਰਸਤਾਵ 'ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਕੈਟ ਨੇ ਕਿਹਾ ਹੈ ਕਿ ਇਹ ਇੱਕ 'ਆਤਮਘਾਤੀ' ਕਦਮ ਸਾਬਤ ਹੋਏਗਾ ਕਿਉਂਕਿ ਇਸ ਨਾਲ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਖ਼ਤਰੇ ਵਿੱਚ ਪੈ ਜਾਵੇਗੀ। ਕੈਟ ਨੇ ਇਸ ਸਬੰਧ ਵਿੱਚ ਕੋਈ ਫੈਸਲਾ ਲੈਣ ਤੋਂ ਪਹਿਲਾਂ ਕੇਂਦਰ ਨੂੰ ਵਪਾਰੀਆਂ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੇਂਦਰ ਕੋਲ ਪ੍ਰਸਤਾਵ ਭੇਜ ਰਹੇ ਹਨ ਕਿ ਦਿੱਲੀ ਸਰਕਾਰ ਨੂੰ ਕੋਵਿਡ -19 ਹਾਟਸਪਾਟ ਹੋਣ ਦੀ ਸੰਭਾਵਨਾ ਵਾਲੇ ਬਾਜ਼ਾਰ ਖੇਤਰ ਵਿੱਚ ਤਾਲਾਬੰਦੀ ਲਗਾਉਣ ਦਾ ਅਧਿਕਾਰ ਦਿੱਤਾ ਜਾਵੇ।
ਕੈਟ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪ੍ਰਸਤਾਵ 'ਤੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਵਪਾਰੀਆਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ।
ਕੈਟ ਦੇ ਜਨਰਲ ਸੱਕਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਲੱਖਾਂ ਵਪਾਰਿਆਂ ਤੇ ਉਨ੍ਹਾਂ ਦੇ ਕਰਮਚਾਰੀਆਂ ਤੇ ਹੋਰਾਂ ਦੀ ਰੋਜ਼ੀ ਰੋਟੀ ਉੱਤੇ ਸੰਕਟ ਪੈਦਾ ਕਰੇਗਾ।