ਸ੍ਰੀਨਗਰ: ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਦੇ ਜਵਾਨਾਂ ਨੇ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਰਾਹੀਂ ਪਾਕਿਸਤਾਨੀ ਰੇਂਜਰਾਂ ਦੀ ਗੋਲੀਬਾਰੀ ਦੀ ਆੜ ਵਿੱਚ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਲੈਸ ਪੰਜ ਅੱਤਵਾਦੀਆਂ ਦੀ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
ਫੋਰਸ ਦੇ ਇੱਕ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਬੀਐਸਐਫ ਵੱਲੋਂ ਜਵਾਬੀ ਕਾਰਵਾਈ ਕਰਕੇ ਇਹ ਪੰਜ ਅੱਤਵਾਦੀ ਪਾਕਿਸਤਾਨੀ ਖੇਤਰ ਵਿੱਚ ਪਰਤ ਆਏ।
ਬੁਲਾਰੇ ਨੇ ਦੱਸਿਆ ਕਿ 26-27 ਸਤੰਬਰ ਦੀ ਰਾਤ ਨੂੰ ਬੀਐਸਐਫ ਦੇ ਜਵਾਨਾਂ ਨੇ ਅੱਤਵਾਦੀਆਂ ਦੇ ਇੱਕ ਸਮੂਹ ਦੀਆਂ ਗਤੀਵਿਧੀਆਂ ਵੇਖੀਆਂ, ਜੋ ਸਰਹੱਦ ਪਾਰ ਤੋਂ ਇਸ ਪਾਸੇ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਬੀਐਸਐਫ ਦੇ ਜਵਾਨਾਂ ਨੇ ਚੁਣੌਤੀ ਦਿੱਤੀ ਤਾਂ ਘੁਸਪੈਠੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ 11.45 ਵਜੇ ਘੱਗਵਾਲ ਸੈਕਟਰ ਦੇ ਖੇਤਰ ਵਿੱਚ ਮੰਗੂ ਚੱਕ ਬਾਰਡਰ ਚੌਕੀ (ਬੀਓਪੀ) ਨੇੜੇ ਵਾਪਰੀ ਅਤੇ ਭਾਰਤ ਅਤੇ ਪਾਕਿਸਤਾਨ ਦੇ ਜਵਾਨਾਂ ਦਰਮਿਆਨ ਛੋਟੇ ਹਥਿਆਰਾਂ ਨਾਲ ਕਰੀਬ ਅੱਧਾ ਘੰਟਾ ਗੋਲੀਬਾਰੀ ਕੀਤੀ ਗਈ।
ਬੀਐਸਐਫ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹਨੇਰੇ ਅਤੇ ਸੰਘਣੀਆਂ ਝਾੜੀਆਂ ਦਾ ਫਾਇਦਾ ਉਠਾਉਂਦਿਆਂ ਹਥਿਆਰਬੰਦ ਅੱਤਵਾਦੀਆਂ ਦੇ ਇੱਕ ਸਮੂਹ ਨੇ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਬੀਐਸਐਫ ਦੇ ਜਵਾਨਾਂ ਨੇ ਚੁਣੌਤੀ ਦਿੱਤੀ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪਾਕਿਸਤਾਨੀ ਰੇਂਜਰਾਂ ਨੇ ਉਨ੍ਹਾਂ ਦੀ ਮਦਦ ਲਈ ਭਾਰਤੀ ਚੌਕੀਆਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਹਾਲਾਂਕਿ, ਬੀਐਸਐਫ ਵੱਲੋਂ ਕੀਤੀ ਪ੍ਰਭਾਵਸ਼ਾਲੀ ਗੋਲੀਬਾਰੀ ਕਾਰਨ ਉਹ ਭੱਜ ਗਏ।
ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੇ ਇੱਕ ਸਮੂਹ ਵੱਲੋਂ ਇਸੇ ਤਰ੍ਹਾਂ ਦੀ ਘੁਸਪੈਠ ਦੀ ਅਸਫ਼ਲ ਕੋਸ਼ਿਸ਼ ਵੀ ਸਾਂਬਾ ਸੈਕਟਰ ਵਿੱਚ ਹੀ 14-15 ਸਤੰਬਰ ਦੀ ਰਾਤ ਨੂੰ ਕੀਤੀ ਗਈ ਸੀ।
ਇਸ ਤੋਂ ਪਹਿਲਾਂ, ਬੀਐਸਐਫ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਖੇਤਰ ਵਿੱਚ ਸਵੇਰੇ ਹੀ ਇੱਕ ਵੱਡਾ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਥੇ ਕੋਈ ਵੀ ਸ਼ੱਕੀ ਗਤੀਵਿਧੀ ਨਹੀਂ ਚੱਲ ਰਹੀ ਹੈ।
ਅਧਿਕਾਰੀ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ, ਪਰ ਅਜੇ ਤੱਕ ਕੁਝ ਵੀ ਬਰਾਮਦ ਨਹੀਂ ਹੋਇਆ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਪਿਛਲੇ ਹਫ਼ਤਿਆਂ ਵਿੱਚ ਲਗਾਤਾਰ ਜੰਗਬੰਦੀ ਦੀ ਉਲੰਘਣਾ ਦੇ ਵਿਚਕਾਰ ਜੰਮੂ-ਕਸ਼ਮੀਰ ਵਿੱਚ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਦੇ ਨਾਲ ਡਰੋਨਾਂ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।