ਲਖੀਸਰਾਇ: ਬਿਹਾਰ ਦੀ ਕਿਊਲ ਨਦੀ ਵਿੱਚ ਮੁਸਾਫਰਾਂ ਨਾਲ ਭਰੀ ਕਿਸ਼ਤੀ ਪਲਟਣ ਨਾਲ ਕਈ ਲੋਕਾਂ ਦੇ ਨਦੀ 'ਚ ਡੁੱਬਣ ਦੀ ਖ਼ਬਰ ਹੈ। ਇਨ੍ਹਾਂ 'ਚੋਂ 2 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ 4 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਮੌਕੇ 'ਤੇ ਐਸਡੀਆਰਐਫ਼ ਅਤੇ ਐਨਡੀਆਰਐਫ਼ ਦੀ ਟੀਮ ਪੁੱਜੀ ਹੋਈ ਹੈ ਤੇ ਯਾਤਰੀਆਂ ਦੀ ਤਲਾਸ਼ ਜਾਰੀ ਹੈ।
40 ਤੋਂ 50 ਲੋਕ ਕਿਸ਼ਤੀ ਉੱਤੇ ਸਵਾਰ ਸਨ
ਜਾਣਕਾਰੀ ਮੁਤਾਬਕ, ਕਿਸ਼ਤੀ ਉੱਤੇ 40 ਤੋਂ 50 ਲੋਕ ਸਵਾਰ ਸਨ। ਗੋਤਾਖੋਰਾਂ ਨੇ 2 ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਕਈ ਲੋਕਾਂ ਨੂੰ ਬੇਹੋਸ਼ੀ ਦੀ ਹਾਲਤ 'ਚ ਬਾਹਰ ਕੱਢਿਆ ਗਿਆ ਹੈ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਸਬਜ਼ੀ ਲਿਆਉਣ ਜਾ ਰਹੇ ਸਨ ਪਿੰਡ ਦੇ ਲੋਕ
ਦੱਸ ਦਈਏ ਕਿ ਰੋਜ਼ਾਨਾ ਇੱਥੋਂ ਦੇ ਲੋਕ ਸਬਜ਼ੀ ਲਿਆਉਣ ਲਈ ਕਿਸ਼ਤੀ ਰਾਹੀਂ ਨਦੀ ਦੇ ਦੂਜੇ ਪਾਸੇ ਜਾਂਦੇ ਸਨ ਅਤੇ ਨੇੜੇ ਦੇ ਬਾਜ਼ਾਰ 'ਚ ਹੀ ਸਬਜ਼ੀ ਲਿਆ ਕੇ ਵੇਚਦੇ ਸਨ। ਪਰ, ਬੁੱਧਵਾਰ ਦੀ ਸਵੇਰ ਨਦੀ 'ਚ ਜਾਣ ਦੌਰਾਨ ਕਿਸ਼ਤੀ ਪਲਟ ਗਈ। ਪਿਪਰਿਆ ਪ੍ਰਖੰਡ ਦੇ ਚਨਨੀਆਂ ਪਿੰਡ ਨੇੜੇ ਇਹ ਹਾਦਸਾ ਵਾਪਰਿਆ।
ਬਚਾਅ ਦਲ ਵਲੋਂ ਤਲਾਸ਼ੀ ਅਭਿਆਨ ਜਾਰੀ
ਭਾਗਲਪੁਰ ਤੋਂ ਐਸਡੀਆਰਐਫ਼ ਦੀ ਟੀਮ ਨੂੰ ਲਿਆਇਆ ਜਾ ਰਿਹਾ ਹੈ। ਸਥਾਨਕ ਗੋਤਾਖੋਰ ਵੀ ਨਦੀ 'ਚ ਲੋਕਾਂ ਦੀ ਤਲਾਸ਼ ਕਰ ਰਹੇ ਹਨ।