ਨਵੀਂ ਦਿੱਲੀ: ਉੱਤਰ ਪ੍ਰਦੇਸ਼ ਸਥਿਤ ਉੱਨਾਵ ਜਬਰ ਜਨਾਹ ਕਾਂਡ ਦੀ ਪੀੜਤਾ ਦੀ ਕਾਰ ਹਾਦਸੇ 'ਚ ਦੋ ਮੌਤਾਂ ਤੋਂ ਬਾਅਦ ਮੰਗਲਵਾਰ ਨੂੰ ਰੇਪ ਦੇ ਦੋਸ਼ੀ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਪ੍ਰਦੇਸ਼ ਭਾਜਪਾ ਪ੍ਰਧਾਨ ਆਜ਼ਾਦ ਸਿੰਘ ਨੇ ਬਿਆਨ ਦਿੱਤਾ ਕਿ ਕੁਲਦੀਪ ਸੇਂਗਰ ਨੂੰ ਪਹਿਲਾਂ ਤੋਂ ਹੀ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਸੀਬੀਆਈ ਜਾਂਚ ਚੱਲ ਰਹੀ ਹੈ। ਬਲਾਤਕਾਰ ਪੀੜਤਾ ਦਾ ਕੇਜੀਐਮਯੂ ਵਿੱਚ ਇਲਾਜ ਚੱਲ ਰਿਹਾ ਹੈ। ਦੱਸ ਦੱਈਏ ਕਿ ਸਪਾ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਕੇਜੀਐਮਯੂ ਹਸਪਤਾਲ ਪਹੁੰਚ ਕੇ ਪੀੜਤ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕੀਤੀ ਸੀ।
ਪੀੜਤ ਦੇ ਚਾਚੇ ਨੂੰ ਮਿਲੀ ਪੈਰੋਲ
ਉੱਨਾਵ ਬਲਾਤਕਾਰ ਦੇ ਕੇਸ ਵਿੱਚ ਪੀੜਤ ਲੜਕੀ ਦੇ ਚਾਚੇ ਨੂੰ 18 ਘੰਟੇ ਦੀ ਪੈਰੋਲ ਮਿਲੀ ਹੈ। ਇਲਾਹਾਬਾਦ ਹਾਈ ਕੋਰਟ ਦੀ ਲਖਨਉ ਬੈਂਚ ਨੇ ਪਟੀਸ਼ਨ 'ਤੇ ਚਾਚੇ ਨੂੰ ਆਪਣੀ ਪਤਨੀ ਦੇ ਦੇਹ ਸਸਕਾਰ ਲਈ 18 ਘੰਟੇ ਦੀ ਪੈਰੋਲ ਦਿੱਤੀ ਹੈ। ਪੈਰੋਲ ਦੀ ਤਾਰੀਖ ਬੁੱਧਵਾਰ ਸਵੇਰ ਤੋਂ ਸ਼ੁਰੂ ਹੋਵੇਗੀ ਅਤੇ 12 ਵਜੇ ਤੱਕ ਚੱਲੇਗੀ।
ਰੇਪ ਮਾਮਲੇ 'ਚ ਭਖੀ ਸਿਆਸਤ
ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਜਮ ਕੇ ਹੋ ਰਹੀ ਹੈ। ਵਿਰੋਧੀ ਧਿਰ ਦੇ ਤਿੱਖੇ ਹਮਲਿਆਂ ਦਰਮਿਆਨ ਭਾਜਪਾ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਸਮੇਤ 10 'ਤੇ ਨਾਮਜ਼ਦ ਤੇ 15-20 ਅਣਪਛਾਤੇ ਲੋਕਾਂ ਖ਼ਿਲਾਫ਼ ਰਾਏਬਰੇਲੀ ਦੇ ਗੁਰੂਬਖਸ਼ਗੰਜ ਥਾਣੇ 'ਚ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਸੀ। ਇਹ ਐੱਫਆਈਆਰ ਰਾਏਬਰੇਲੀ ਜੇਲ੍ਹ 'ਚ ਬੰਦ ਪੀੜਤ ਲੜਕੀ ਦੇ ਚਾਚਾ ਦੀ ਸ਼ਿਕਾਇਤ 'ਤੇ ਦਰਜ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਉੱਨਾਵ ਬਲਾਤਕਾਰ ਪੀੜਤਾ ਲੜਕੀ ਜਿਸ ਕਾਰ ਵਿੱਚ ਜਾ ਰਹੀ ਸੀ ਉਸ ਵਿੱਚ ਉਸ ਦੇ ਪਰਿਵਾਰ ਦੇ ਲੋਕ ਅਤੇ ਵਕੀਲ ਵੀ ਸਵਾਰ ਸਨ। ਕਾਰ ਨੂੰ ਇੱਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਹਾਦਸੇ 'ਚ ਪੀੜਤ ਦੀ ਚਾਚੀ ਤੇ ਮਾਸੀ ਦੀ ਮੌਤ ਹੋ ਗਈ ਸੀ। ਚਾਚੀ ਜਬਰ ਜਨਾਹ ਮਾਮਲੇ 'ਚ ਸੀਬੀਆਈ ਦੀ ਗਵਾਹ ਸੀ। ਜਦਕਿ ਗੰਭੀਰ ਰੂਪ ਨਾਲ ਜ਼ਖਮੀ ਪੀੜਤਾ ਤੇ ਵਕੀਲ ਦਾ ਲਖਨਊ ਸਥਿਤ ਟਰਾਮਾ ਸੈਂਟਰ 'ਚ ਇਲਾਜ ਚੱਲ ਰਿਹਾ ਹੈ।