ਨਵੀਂ ਦਿੱਲੀ: ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਸਿਰਸਾ ਸੀਟ ਤੋਂ ਜਿੱਤੇ ਗੋਪਾਲ ਕਾਂਡਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਮਰਥਨ ਦੇਣ ਦੀ ਗੱਲ ਕਹੀ ਹੈ। ਪਰ ਗੋਪਾਲ ਕਾਂਡਾ ਦੇ ਨਾਂਅ 'ਤੇ ਭਾਜਪਾ ਘਿਰਦੀ ਹੋਈ ਵਿਖਾਈ ਦੇ ਰਹੀ ਹੈ। ਇਸ ਮੁੱਦੇ 'ਤੇ ਪਾਰਟੀ ਦੇ ਅੰਦਰ ਤੋਂ ਹੀ ਵਿਰੋਧੀ ਸੁਰ ਉਠਣ ਲੱਗ ਗਏ ਹਨ।
ਭਾਜਪਾ ਨੇਤਾ ਉਮਾ ਭਾਰਤੀ ਨੇ ਇਸ ਮਾਮਲੇ ‘ਤੇ ਕਈ ਸਵਾਲ ਖੜੇ ਕੀਤੇ ਹਨ। ਉਮਾ ਭਾਰਤੀ ਨੇ ਟਵੀਟ ਕਰ ਕਿਹਾ, "ਮੈਨੂੰ ਜਾਣਕਾਰੀ ਮਿਲੀ ਹੈ ਕਿ ਸਾਨੂੰ ਗੋਪਾਲ ਕਾਂਡਾ ਨਾਂਅ ਦੇ ਇੱਕ ਆਜ਼ਾਦ ਵਿਧਾਇਕ ਦਾ ਸਮਰਥਨ ਵੀ ਮਿਲ ਸਕਦਾ ਹੈ। ਇਸ ਬਾਰੇ ਮੈਨੂੰ ਕੁਝ ਕਹਿਣਾ ਹੈ"
ਉਮਾ ਭਾਰਤੀ ਨੇ ਆਪਣੇ ਟਵੀਟ 'ਚ ਕਿਹਾ, "ਮੈਂ ਭਾਜਪਾ ਨੂੰ ਬੇਨਤੀ ਕਰਾਂਗੀ ਕਿ ਅਸੀ ਆਪਣੇ ਨੈਤਿਕ ਸਥਾਪਨਾ ਨੂੰ ਨਾ ਭੁੱਲੀਏ। ਹਰਿਆਣੇ ਵਿੱਚ ਸਾਡੀ ਸਰਕਾਰ ਜ਼ਰੂਰ ਬਣੇ, ਪਰ ਇਹ ਤੈਅ ਕਰੀਏ ਕਿ ਜਿਵੇਂ ਭਾਜਪਾ ਦੇ ਵਰਕਰ ਸਾਫ਼-ਸੁਥਰੀ ਜ਼ਿੰਦਗੀ ਦੇ ਹੁੰਦੇ ਹਨ, ਸਾਡੇ ਨਾਲ ਵੀ ਅਜਿਹੇ ਹੀ ਲੋਕ ਹੋਣ"।
ਭਾਜਪਾ ਆਗੂ ਨੇ ਕਿਹਾ ਕਿ ਜੇਕਰ ਗੋਪਾਲ ਕਾਂਡਾ ਉਹੀ ਵਿਅਕਤੀ ਹੈ, ਜਿਸ ਕਾਰਨ ਇੱਕ ਲੜਕੀ ਨੇ ਖੁਦਕੁਸ਼ੀ ਕੀਤੀ ਅਤੇ ਇਹ ਵਿਅਕਤੀ ਜ਼ਮਾਨਤ ‘ਤੇ ਬਾਹਰ ਹੈ। ਗੋਪਾਲ ਕਾਂਡਾ ਨਿਰਦੋਸ਼ ਹੈ ਜਾਂ ਅਪਰਾਧੀ ਹੈ, ਇਹ ਤਾਂ ਕਾਨੂੰਨ ਸਬੂਤਾਂ ਦੇ ਅਧਾਰ 'ਤੇ ਫੈਸਲਾ ਕਰੇਗਾ। ਪਰ ਉਸ ਦਾ ਚੋਣ ਜਿੱਤਣਾ ਉਸ ਨੂੰ ਅਪਰਾਧਾਂ ਤੋਂ ਮੁਕਤ ਨਹੀਂ ਕਰਦਾ ਹੈ। ਚੋਣ ਜਿੱਤਣ ਦੇ ਬਹੁਤ ਸਾਰੇ ਕਾਰਕ ਹੁੰਦੇ ਹਨ।