ਨਵੀਂ ਦਿੱਲੀ: ਆਰਥਕ ਮੰਦੀ ਅਤੇ ਡਾਂਵਾ ਡੋਲ ਹੋਈ ਅਰਥਵਿਵਸਥਾ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਤੀ ਪਰਾਕਲਾ ਪ੍ਰਭਾਕਰ ਨੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਡਾ. ਮਨਮੋਹਨ ਸਿੰਘ ਅਤੇ ਨਰਸਿਮ੍ਹਾ ਰਾਓ ਦਾ ਆਰਥਕ ਮਾਡਲ ਅਪਣਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਹੈ ਕਿ ਹਰ ਗੱਲ ਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਲੋਚਨਾ ਠੀਕ ਨਹੀਂ ਹੈ। ਭਾਰਤੀ ਜਨਤਾ ਪਾਰਟੀ ਨੇ ਡਾਂਵਾਡੋਲ ਹੋਈ ਅਰਥਵਿਵਸਥਾ ਨੂੰ ਮੁੜ ਤੋਂ ਪਟੜੀ ਤੇ ਲਿਆਉਣ ਲਈ ਨਰਸਿਮ੍ਹਾ ਰਾਓ ਅਤੇ ਡਾ. ਮਨਮੋਹਨ ਸਿੰਘ ਵੱਲੋਂ ਅਮਲ ਵਿੱਚ ਲਿਆਂਦੇ ਆਰਥਕ ਮਾਡਲ ਅਤੇ ਨੀਤੀਆਂ ਨੂੰ ਅਪਣਾਉਣਾ ਚਾਹੀਦਾ ਹੈ।
ਜਦੋਂ ਤੋਂ ਦੇਸ਼ ਮੰਦੀ ਦੀ ਮਾਰ ਹੇਠ ਆਇਆ ਹੈ ਉਦੋਂ ਤੋਂ ਭਾਰਤੀ ਜਨਤਾ ਪਾਰਟੀ ਤੇ ਸਵਾਲ ਚੁੱਕੇ ਜਾ ਰਹੇ ਹਨ। ਸਭ ਤੋਂ ਪਹਿਲਾਂ ਵਿੱਤ ਮੰਤਰੀ ਨੇ ਪ੍ਰੈਸ ਵਾਰਤਾ ਕਰ ਕੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਬਾਅਦ ਵਿੱਚ ਉਨ੍ਹਾਂ ਕਈ ਐਲਾਨ ਵੀ ਕੀਤਾ ਪਰ ਇਨ੍ਹਾਂ ਐਲਾਨਾਂ ਤੋਂ ਬਾਅਦ ਦੇਸ਼ ਦੀ ਅਰਥ ਵਿਵਸਥਾ ਵਿੱਚ ਕੋਈ ਫਰਕ ਨਹੀਂ ਪੈ ਰਿਹਾ। ਇਸ ਦੌਰਾਨ ਵਿੱਤ ਮੰਤਰੀ ਦੇ ਪਤੀ ਅਤੇ ਬੁੱਧੀਜੀਵੀ ਪਰਕਲਾ ਪ੍ਰਭਾਕਰ ਨੇ ਅੰਗਰੇਜ਼ੀ ਅਖ਼ਬਾਰ ਵਿੱਚ ਲੇਖ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਡਾ. ਮਨਮੋਹਨ ਸਿੰਘ ਅਤੇ ਨਰਸਿਮ੍ਹਾ ਰਾਓ ਦੇ ਆਰਥਕ ਮਾਲ ਨੂੰ ਅਪਣਾਉਣ ਦੀ ਸਲਾਹ ਦਿੱਤੀ ਹੈ।
ਇਸ ਲੇਖ ਵਿੱਚ ਉਨ੍ਹਾਂ ਨੇ ਕਿਹਾ ਕਿ ਨਹਿਰੂਵਾਦੀ ਆਰਥਕ ਢਾਂਚੇ ਤੇ ਜ਼ੁਬਾਨੀ ਹਮਲੇ ਮਹਿਜ਼ ਸਿਆਸੀ ਵਾਰ ਹਨ। ਇਸ ਨਾਲ਼ ਕਦੇ ਵੀ ਆਰਥਕ ਸਮੱਸਿਆ ਹੱਲ ਨਹੀਂ ਹੋਣਗੀਆਂ। ਭਾਰਤੀ ਜਨਤਾ ਪਾਰਟੀ ਦੇ ਬੁੱਧੀਜੀਵੀਆਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ।
ਪ੍ਰਭਾਕਰ ਨੇ ਕਿਹਾ, “ਬੀਜੇਪੀ ਦੀ ਵਰਤਮਾਨ ਨੁਮਾਇੰਦਗੀ ਸ਼ਾਇਦ ਇਸ ਤੋਂ ਜਾਣੂ ਹੈ। ਇਸੇ ਲਈ ਚੋਣਾਂ ਦੌਰਾਨ ਪਾਰਟੀ ਨੇ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਉਹ ਅਰਥਵਿਵਸਥਾ ਨੂੰ ਲੈ ਕੇ ਜਨਤਾ ਸਾਹਮਣੇ ਕੁਝ ਵੀ ਪੇਸ਼ ਨਾ ਕਰਨ।” ਪ੍ਰਭਾਕਰ ਨੇ ਅੱਗੇ ਕਿਹਾ ਕਿ ਬੀਜੇਪੀ ਸਰਕਾਰ ਨੇ ਨਰਸਿਮ੍ਹਾ ਰਾਓ ਸਰਕਾਰ ਦੀ ਨੀਤੀਆਂ ਨੂੰ ਨਾ ਤਾਂ ਕਦੇ ਖਾਰਜ ਕੀਤਾ ਤੇ ਨਾ ਉਨ੍ਹਾਂ ਨੂੰ ਚੁਣੌਤੀ ਦਿੱਤੀ।